ਲੰਡਨ – ਵਰਲਡ ਕੱਪ ਫ਼ਾਈਨਲ ‘ਚ ਮਾਰਟਿਨ ਗਪਟਿਲ ਵਲੋਂ ਸੁੱਟਿਆ ਗਿਆ ਥ੍ਰੋਅ ਜੋ ਬੈੱਨ ਸਟੋਕਸ ਦੇ ਬੱਲੇ ਨਾਲ ਲਗ ਕੇ ਬਾਊਂਡਰੀ ਪਾਰ ਕਰ ਗਿਆ ਸੀ ਬਾਰੇ ਅਗਲੇ ਮਹੀਨੇ ਸਤੰਬਰ ‘ਚ ਸਮੀਖਿਆ ਹੋਵੇਗੀ। ਕ੍ਰਿਕਟ ਦੇ ਨਿਯਮ ਬਣਾਉਣ ਵਾਲੇ ਅਦਾਰੇ MCC (ਮੇਰਿਲਬੋਰਨ ਕ੍ਰਿਕਟ ਕਲੱਬ) ਸਤੰਬਰ ‘ਚ ਹੋਣ ਵਾਲੀ ਆਪਣੀ ਬੈਠਕ ‘ਚ ਉਸ ਵਿਵਾਦਿਤ ਓਵਰ ਥ੍ਰੋਅ ‘ਤੇ ਚਰਚਾ ਕਰੇਗਾ।
ਦਰਅਸਲ ਵਰਲਡ ਕੱਪ ਦੇ ਫ਼ਾਈਨਲ ‘ਚ ਨਿਊ ਜ਼ੀਲੈਂਡ ਦੀ ਟੀਮ ਜਿੱਤ ਦੇ ਕਰੀਬ ਸੀ, ਅਤੇ ਇੰਗਲੈਂਡ ਦੀ ਟੀਮ ਨਿਊ ਜ਼ੀਲੈਂਡ ਦੇ 241 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਸੀ। ਉਸ ਨੂੰ ਆਖ਼ਰੀ ਤਿੰਨ ਗੇਂਦਾਂ ‘ਚ ਨੌਂ ਦੌੜਾਂ ਦੀ ਜ਼ਰੂਰਤ ਸੀ। ਉਸੇ ਸਮੇਂ ਬੈੱਨ ਸਟੋਕਸ ਨੇ ਦੋ ਦੌੜਾਂ ਲੈਣ ਦੀ ਕੋਸ਼ਿਸ਼ ਕੀਤੀ ਅਤੇ ਮਾਰਟਿਨ ਗਪਟਿਲ ਦਾ ਥ੍ਰੋਅ ਉਸ ਦੇ ਬੱਲੇ ਨਾਲ ਟਕਰਾ ਕੇ ਚਾਰ ਦੌੜਾਂ ਲਈ ਬਾਊਂਡਰੀ ਪਾਰ ਕਰ ਗਿਆ। ਇਸ ‘ਤੇ ਮੈਦਾਨੀ ਅੰਪਾਇਰਾਂ ਕੁਮਾਰ ਧਰਮਸੈਨਾ ਅਤੇ ਮਰਾਈਸ ਇਰਾਸਮਜ਼ ਨੇ ਇੰਗਲੈਂਡ ਦੀ ਟੀਮ ਨੂੰ ਛੇ ਦੌੜਾਂ ਦੇ ਦਿੱਤੀਆਂ। ਇਸ ਵਜ੍ਹਾ ਤੋਂ ਵਿਸ਼ਵ ਕ੍ਰਿਕਟ ਕਮੇਟੀ ਨੇ ਓਵਰ ਥ੍ਰੋਅ ਲਈ ਬਣੇ ਨਿਯਮ 19.8 ਦੀ ਚਰਚਾ ਕੀਤੀ ਸੀ। ਹਾਲਾਂਕਿ ਬਾਅਦ ‘ਚ ICC ਦੇ ਐਲੀਟ ਪੈਨਲ ਦੇ ਅੰਪਾਇਰ ਸਾਈਮਨ ਟੌਫ਼ਲ ਨੇ ਵਿਸ਼ਵ ਕੱਪ ਫ਼ਾਈਨਲ ਦੌਰਾਨ ਅੰਪਾਇਰ ਦੇ ਫ਼ੈਸਲੇ ਨੂੰ ਨਿਯਮਾਂ ਤਹਿਤ ਗ਼ਲਤ ਦਸ ਕੇ ਚਰਚਾ ਨੂੰ ਸ਼ੁਰੂ ਕੀਤਾ ਸੀ। ਟੌਫ਼ਲ ਅਨੁਸਾਰ, ਉਸ ਓਵਰ ਥ੍ਰੋ ਦੇ ਕੇਵਲ ਪੰਜ ਰੰਨ ਦਿੱਤੇ ਜਾਣ ਚਾਹੀਦੇ ਸਨ ਅਤੇ ਨਤੀਜਤਨ ਮੈਚ ਟਾਈ ਹੋਣ ਦੀ ਬਜਾਏ ਨਿਊ ਜ਼ੀਲੈਂਡ ਜਿੱਤ ਗਿਆ ਹੁੰਦਾ।