ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਏਮਜ਼ ਪਹੁੰਚ ਕੇ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦਾ ਹਾਲਚਾਲ ਜਾਣਿਆ। ਜੇਤਲੀ ਪਿਛਲੇ ਹਫਤੇ ਤੋਂ ਹੀ ਏਮਜ਼ ਦੇ ਆਈ.ਸੀ.ਯੂ. ‘ਚ ਭਰਤੀ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। 9 ਅਗਸਤ ਨੂੰ ਏਮਜ਼ ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਇਕ ਸਟੇਟਮੈਂਟ ਜਾਰੀ ਕੀਤਾ ਸੀ, ਉਸ ਦੇ ਬਾਅਦ ਤੋਂ ਹਾਲੇ ਤੱਕ ਏਮਜ਼ ਪ੍ਰਸ਼ਾਸਨ ਵਲੋਂ ਕੋਈ ਹੋਰ ਸਟੇਟਮੈਂਟ ਜਾਰੀ ਨਹੀਂ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਤਾਂ ਜੇਤਲੀ ਦੇ ਫੇਫੜਿਆਂ ‘ਚ ਪਾਣੀ ਜਮ੍ਹਾ ਹੋ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਸਾਹ ਲੈਣ ‘ਚ ਪਰੇਸ਼ਾਨੀ ਆ ਰਹੀ ਹੈ। ਇਹੀ ਕਾਰਨ ਹੈ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਹੈ। ਸੂਤਰ ਦੱਸਦੇ ਹਨ ਕਿ ਲੰਗਜ਼ ‘ਚੋਂ ਪਾਣੀ ਕੱਢਿਆ ਜਾ ਰਿਹਾ ਹੈ ਪਰ ਵਾਰ-ਵਾਰ ਪਾਣੀ ਜਮ੍ਹਾ ਹੋ ਰਿਹਾ ਹੈ, ਇਸ ਲਈ ਉਨ੍ਹਾਂ ਦੀ ਸਥਿਤੀ ਖਤਰੇ ਤੋਂ ਬਾਹਰ ਨਹੀਂ ਹੋ ਪਾ ਰਹੀ ਹੈ।
ਡਾਕਟਰੀ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਸਾਫਟ ਟਿਸ਼ੂ ਸਰਕੋਮਾ ਹੋਇਆ ਹੈ, ਜੋ ਇਸ ਤਰ੍ਹਾਂ ਦਾ ਕੈਂਸਰ ਹੁੰਦਾ ਹੈ ਅਤੇ ਕਿਤੇ ਨਾ ਕਿਤੇ ਇਸ ਕਾਰਨ ਉਨ੍ਹਾਂ ਨੂੰ ਇਹ ਪਰੇਸ਼ਾਨੀ ਹੋ ਰਹੀ ਹੈ। ਹਾਲਾਂਕਿ ਏਮਜ਼ ਵਲੋਂ ਸ਼ੁੱਕਰਵਾਰ ਨੂੰ ਜਾਰੀ ਸਟੇਟਮੈਂਟ ‘ਚ ਜੇਤਲੀ ਨੂੰ ਹੇਮੋਡਾਇਨੈਮਿਕਲੀ ਸਟੇਬਲ ਦੱਸਿਆ ਗਿਆ ਸੀ। ਮੈਡੀਕਲ ਸਾਇੰਸ ‘ਚ ਇਸ ਦਾ ਮਤਲਬ ਹੁੰਦਾ ਹੈ ਕਿ ਮਰੀਜ਼ ਦਾ ਬਲੱਡ ਪ੍ਰੈਸ਼ਰ ਅਤੇ ਪਲਜ਼ ਠੀਕ ਕੰਮ ਕਰ ਰਹੇ ਹਨ ਪਰ ਇਸ ਤੋਂ ਬਾਅਦ ਏਮਜ਼ ਵਲੋਂ ਕੋਈ ਬਿਆਨ ਨਹੀਂ ਆਇਆ ਹੈ।
ਜ਼ਿਕਰਯੋਗ ਹੈ ਕਿ ਜੇਤਲੀ ਪਹਿਲਾਂ ਤੋਂ ਸ਼ੂਗਰ ਦੇ ਮਰੀਜ਼ ਹਨ। ਉਨ੍ਹਾਂ ਦਾ ਕਿਡਨੀ ਟਰਾਂਸਪਲਾਂਟ ਹੋ ਚੁਕਿਆ ਹੈ ਅਤੇ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਸਾਫਟ ਟਿਸ਼ੂ ਕੈਂਸਰ ਦੀ ਵੀ ਬੀਮਾਰੀ ਦਾ ਪਤਾ ਲੱਗਾ ਸੀ। ਉਨ੍ਹਾਂ ਨੇ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਬੈਰੀਏਟ੍ਰਿਕ ਸਰਜਰੀ ਵੀ ਕਰਵਾ ਰੱਖੀ ਹੈ। ਸਾਬਕਾ ਵਿੱਤ ਮੰਤਰੀ ਦੀ ਸਿਹਤ ਦਾ ਹਾਲ ਜਾਣਨ ਬੀਤੇ ਦਿਨੀਂ ਪੀ.ਐੱਮ. ਵੀ ਏਮਜ਼ ਗਏ ਸਨ।