ਚੰਡੀਗੜ੍ਹ : ਸੀਨੀਅਰ ਵਕੀਲ ਐੱਚ. ਐੱਸ. ਫੂਲਕਾ ਵਲੋਂ ਬੇਅਦਬੀ ਮਾਮਲਿਆਂ ਸਬੰਧੀ ਅਸਤੀਫਾ ਦਿੱਤੇ ਜਾਣ ‘ਤੇ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਉਨ੍ਹਾਂ ਦੀ ਹਮਾਇਤ ਕੀਤੀ ਹੈ, ਜਿਸ ਤੋਂ ਬਾਅਦ ਫੂਲਕਾ ਨੇ ਉਨ੍ਹਾਂ ਦਾ ਸ਼ੁਕਰੀਆ ਕੀਤਾ ਹੈ। ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਇਕ ਇੰਟਰਵਿਊ ਦੌਰਾਨ ਖੁਲਾਸੇ ਕੀਤੇ ਹਨ ਕਿ ਕਾਂਗਰਸ ਸਰਕਾਰ ਦਾ ਜੋ ਵਾਅਦਾ ਸੀ, ਉਹ ਪੂਰਾ ਕਰਨ ‘ਚ ਨਾਕਾਮ ਰਹੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਕ ਸਾਲ ਪਹਿਲਾਂ ਜਿਹੜੇ ਕਾਂਗਰਸੀ ਨੇਤਾ ਬਾਦਲਾਂ ‘ਤੇ ਗਰਜੇ ਸਨ, ਉਹ ਇਕ ਸਾਲ ਬੀਤਣ ਦੇ ਬਾਵਜੂਦ ਵੀ ਬੇਅਦਬੀ ਮਾਮਲਿਆਂ ‘ਤੇ ਕੋਈ ਠੋਸ ਕਾਰਵਾਈ ਨਹੀਂ ਕਰ ਸਕੇ। ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਵਿਧਾਨ ਸਭਾ ‘ਚ ਬੈਠਣ ਦਾ ਕੋਈ ਹੱਕ ਨਹੀਂ ਹੈ ਅਤੇ ਉਨ੍ਹਾਂ ਨੂੰ ਵੀ ਫੂਲਕਾ ਦੀ ਤਰ੍ਹਾਂ ਅਸਤੀਫੇ ਦੇ ਦੇਣੇ ਚਾਹੀਦੇ ਹਨ। ਫੂਲਕਾ ਨੇ ਹੈਰਾਨੀ ਜਤਾਈ ਕਿ ਜਿਨ੍ਹਾਂ-ਜਿਨ੍ਹਾਂ ਵਿਧਾਇਕਾਂ ਨੂੰ ਉਨ੍ਹਾਂ ਨੇ ਜਾਗਦੀ ਜ਼ਮੀਰ ਵਾਲੇ ਸਮਝ ਕੇ ਬੇਨਤੀ ਕੀਤੀ ਸੀ ਕਿ ਉਹ ਆਪਣੇ ਅਸਤੀਫੇ ਦੇਣ, ਉਨ੍ਹਾਂ ‘ਚੋਂ ਕਿਸੇ ਦੀ ਵੀ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ।