ਨਵੀਂ ਦਿੱਲੀ— ਭਾਰਤ ਰਤਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਪਹਿਲੀ ਬਰਸੀ ‘ਤੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪੀ.ਐੱਮ. ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਹਸਤੀਆਂ ਨੇ ‘ਸਦੈਵ ਅਟਲ’ ਜਾ ਕੇ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਨਾਲ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਵੀ ਸਾਬਕਾ ਪੀ.ਐੱਮ. ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਭਾਜਪਾ ਦੇ ਕਈ ਵੱਡੇ ਨੇਤਾਵਾਂ ਵਲੋਂ ਸੋਸ਼ਲ ਮੀਡੀਆ ‘ਤੇ ਸਾਬਕਾ ਪੀ.ਐੱਮ. ਨੂੰ ਸ਼ਰਧਾਂਜਲੀ ਦੇਣ ਦਾ ਸਿਲਸਿਲਾ ਜਾਰੀ ਹੈ।
‘ਸਦੈਵ ਅਟਲ’ ਅਟਲ ਦਾ ਸਮਾਧੀ ਸਥਾਨ ਹੈ
‘ਸਦੈਵ ਅਟਲ’ ਰਾਜਘਾਟ ਕੋਲ ਸਥਿਤ ਅਟਲ ਦਾ ਸਮਾਧੀ ਸਥਾਨ ਹੈ। ਇੱਥੇ ਉਨ੍ਹਾਂ ਦੀਆਂ ਕਵਿਤਾਵਾਂ ਦੀਆਂ ਚਰਚਿਤ ਲਾਈਨਾਂ ਵੀ ਲਿਖੀਆਂ ਹਨ। ਪੱਥਰ ‘ਤੇ ਅਜਿਹੀ ਹੀ ਇਕ ਲਾਈਨ ਲਿਖੀ ਹੈ- ਆਦਮੀ ਦੀ ਪਛਾਣ ਉਸ ਦੇ ਧਨ ਜਾਂ ਆਸਨ ਨਾਲ ਨਹੀਂ ਹੁੰਦੀ, ਉਸ ਦੇ ਮਨ ਨਾਲ ਹੁੰਦੀ ਹੈ। ਮਨ ਦੀ ਫਕੀਰੀ ‘ਤੇ ਕੁਬੇਰ ਦੀ ਸਮਪਦਾ ਵੀ ਰੋਂਦੀ ਹੈ। ਸ਼ੁੱਕਰਵਾਰ ਨੂੰ ਸ਼ਰਧਾਂਜਲੀ ਸਭਾ ਦੌਰਾਨ ਅਟਲ ਦੇ ਇਹ ਪ੍ਰੇਰਕ ਸ਼ਬਦ ਉਨ੍ਹਾਂ ਦੀਆਂ ਯਾਦਾਂ ਨੂੰ ਜਿਉਂਦੇ ਕਰ ਗਏ।
ਦਤੱਕ ਬੇਟੀ ਨੇ ਵੀ ਪਰਿਵਾਰ ਸਮੇਤ ਦਿੱਤੀ ਸ਼ਰਧਾਂਜਲੀ
ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੀ ਦਤੱਕ (ਗੋਦ ਲਈ) ਬੇਟੀ ਨਮਿਤਾ ਕੌਲ ਭੱਟਾਚਾਰੀਆ ਵੀ ਆਪਣੇ ਪਰਿਵਾਰ ਨਾਲ ਪਹੁੰਚੀ। ਜ਼ਿਕਰਯੋਗ ਹੈ ਕਿ ਵਾਜਪਾਈ ਦਾ ਅੰਤਿਮ ਸੰਸਕਾਰ ਵੀ ਉਨ੍ਹਾਂ ਦੀ ਦਤੱਕ ਬੇਟੀ ਨੇ ਹੀ ਕੀਤਾ ਸੀ। ਸਾਬਕਾ ਪੀ.ਐੱਮ. ਵਾਜਪਾਈ ਲਈ ਆਯੋਜਿਤ ਸਮਰਿਤੀ ਸਭਾ ‘ਚ ਕਲਾਕਾਰਾਂ ਦੇ ਇਕ ਗਰੁੱਪ ਨੇ ਉਨ੍ਹਾਂ ਦੇ ਮਨਪਸੰਦ ਭਜਨ ਵੀ ਗਾਏ। ਭਾਜਪਾ ਦੇ ਅਧਿਕਾਰਤ ਅਕਾਊਂਟ ਤੋਂ ਵੀ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਦਿੱਤੀ ਗਈ। ਭਾਜਪਾ ਨੇ ਕੀਤਾ ਇਹ ਟਵੀਟ
ਭਾਜਪਾ ਦੇ ਟਵਿੱਟਰ ਅਕਾਊਂਟ ਤੋਂ ਵਾਜਪਾਈ ਨੂੰ ਯਾਦ ਕਰਦੇ ਹੋਏ ਟਵੀਟ ਕੀਤਾ,”ਭਾਰਤੀ ਜਨਤਾ ਪਾਰਟੀ ਦੇ ਪਿਤਾ, ਘੱਟ ਗਿਣਤੀ ਵਰਕਰਾਂ ਦੇ ਪ੍ਰਦਰਸ਼ਕ ਅਤੇ ਸਾਡੇ ਪ੍ਰੇਰਨਾ ਸਰੋਤ ਭਾਰਤ ਰਤਨ, ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦੀ ਪਹਿਲੀ ਬਰਸੀ ‘ਤੇ ਸ਼ਰਧਾਂਜਲੀ।” ਭਾਜਪਾ ਦੇ ਕਈ ਸੀਨੀਅਰ ਨੇਤਾਵਾਂ ਨੇ ਵੀ ਟਵਿੱਟਰ ‘ਤੇ ਸਾਬਕਾ ਪ੍ਰਧਾਨ ਮੰਤਰੀ ਨੂੰ ਯਾਦ ਕੀਤਾ। ਅਟਲ ਬਿਹਾਰੀ ਵਾਜਪਾਈ ਦਾ 16 ਅਗਸਤ 2018 ਨੂੰ ਦਿਹਾਂਤ ਹੋ ਗਿਆ ਸੀ। ਉਹ ਲੰਬੇ ਸਮੇਂ ਤੋਂ ਬੀਮਾਰ ਸਨ।