ਨਵੀਂ ਦਿੱਲੀ— ਭਾਜਪਾ ਦੇ ਦਿੱਗਜ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ (66) ਦੀ ਹਾਲਤ ਹਾਲੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਜੇਤਲੀ ਨੂੰ 9 ਅਗਸਤ ਨੂੰ ਅਖਿਲ ਭਾਰਤੀ ਆਯੂਵਿਗਿਆਨ ਸੰਸਥਾ (ਏਮਜ਼) ‘ਚ ਭਰਤੀ ਕਰਵਾਇਆ ਗਿਆ ਸੀ। ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਜੇਤਲੀ ਨੂੰ ਮਿਲਣ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪੀ.ਐੱਮ. ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚ ਚੁਕੇ ਹਨ। ਇਸ ਤੋਂ ਇਲਾਵਾ ਭਾਜਪਾ ਦੇ ਕਈ ਹੋਰ ਨੇਤਾ ਅਤੇ ਸੰਸਦ ਮੈਂਬਰ ਸਾਬਕਾ ਕੇਂਦਰੀ ਦਾ ਹਾਲ ਜਾਣਨ ਏਮਜ਼ ਪਹੁੰਚ ਰਹੇ ਹਨ। 10 ਅਗਸਤ ਦੇ ਬਾਅਦ ਤੋਂ ਜੇਤਲੀ ਦੀ ਹੈਲਥ ਨੂੰ ਲੈ ਕੇ ਕੋਈ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜੇਤਲੀ ਦੇ ਫੇਫੜਿਆਂ ‘ਚ ਪਾਣੀ ਜਮ੍ਹਾ ਹੋ ਰਿਹਾ ਹੈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਹੈ।
ਮਾਇਆਵਤੀ ਤੇ ਸਤੀਸ਼ ਮਿਸ਼ਰਾ ਵੀ ਮਿਲਣ ਪਹੁੰਚੇ
ਬੀਮਾਰ ਜੇਤਲੀ ਨੂੰ ਦੇਖਣ ਬਸਪਾ ਸੁਪਰੀਮੋ ਮਾਇਆਵਤੀ ਅਤੇ ਪਾਰਟੀ ਦੇ ਸੀਨੀਅਰ ਨੇਤਾ ਸਤੀਸ਼ ਮਿਸ਼ਰਾ ਵੀ ਏਮਜ਼ ਪਹੁੰਚੇ।
ਮੰਤਰੀ ਜਿਤੇਂਦਰ ਸਿੰਘ ਵੀ ਹਾਲ ਜਾਣਨ ਪਹੁੰਚੇ
ਸ਼ਨੀਵਾਰ ਸਵੇਰੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਜੇਤਲੀ ਨੂੰ ਮਿਲਣ ਏਮਜ਼ ਪਹੁੰਚੇ। ਸ਼ੁੱਕਰਵਾਰ ਦੇਰ ਰਾਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਵੀ ਅਰੁਣ ਜੇਤਲੀ ਦਾ ਹਾਲ ਜਾਣਨ ਲਈ ਏਮਜ਼ ਪਹੁੰਚੇ ਸਨ। ਸ਼ਾਹ ਇਕ ਘੰਟੇ ਤੋਂ ਵਧ ਸਮੇਂ ਤੱਕ ਏਮਜ਼ ‘ਚ ਮੌਜੂਦ ਰਹੇ। ਇਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤਾਂ ਸ਼ਾਮ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਵੀ ਅਰੁਣ ਜੇਤਲੀ ਨੂੰ ਮਿਲਣ ਏਮਜ਼ ਪਹੁੰਚੇ ਸਨ।
ਸ਼ਾਹ ਅੱਜ ਫਿਰ ਜਾ ਸਕਦੇ ਹਨ ਏਮਜ਼
ਦੱਸਿਆ ਜਾ ਰਿਹਾ ਹੈ ਕਿ ਸ਼ਾਹ ਅੱਜ ਫਿਰ ਜੇਤਲੀ ਦਾ ਹਾਲ ਜਾਣਨ ਏਮਜ਼ ਜਾ ਸਕਦੇ ਹਨ।
ਜੇਤਲੀ ਨੂੰ ਸਾਫਟ ਟਿਸ਼ੂ ਸਰਕੋਮਾ ਹੈ, ਜੋ ਇਕ ਤਰ੍ਹਾਂ ਦਾ ਕੈਂਸਰ ਹੁੰਦਾ ਹੈ। ਜੇਤਲੀ ਪਹਿਲਾਂ ਤੋਂ ਸ਼ੂਗਰ ਦੇ ਮਰੀਜ਼ ਹਨ। ਉਨ੍ਹਾਂ ਦਾ ਕਿਡਨੀ ਟਰਾਂਸਪਲਾਂਟ ਹੋ ਚੁਕਿਆ ਹੈ। ਸਾਫਟ ਟਿਸ਼ੂ ਕੈਂਸਰ ਦੀ ਵੀ ਬੀਮਾਰੀ ਦਾ ਪਤਾ ਲੱਗਣ ਤੋਂ ਬਾਅਦ ਉਹ ਇਲਾਜ ਲਈ ਅਮਰੀਕਾ ਵੀ ਗਏ ਸਨ। ਉਨ੍ਹਾਂ ਨੇ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਬੈਰੀਏਟ੍ਰਿਕ ਸਰਜਰੀ ਵੀ ਕਰਵਾ ਰੱਖੀ ਹੈ।
ਸਿਹਤ ਕਾਰਨਾਂ ਕਰ ਕੇ ਮੋਦੀ-2 ਸਰਕਾਰ ‘ਚ ਸ਼ਾਮਲ ਨਹੀਂ ਹੋਏ ਜੇਤਲੀ
ਦਿੱਲੀ ਯੂਨੀਵਰਸਿਟੀ ਤੋਂ ਵਿਦਿਆਰਥੀ ਨੇਤਾ ਦੇ ਰੂਪ ‘ਚ ਸਿਆਸੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਜੇਤਲੀ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਵੀ ਹਨ। ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ‘ਚ ਵਿੱਤ ਮੰਤਰਾਲੇ ਸੰਭਾਲਣ ਵਾਲੇ ਜੇਤਲੀ ਸਿਹਤ ਕਾਰਨਾਂ ਕਰ ਕੇ ਮੋਦੀ-2 ਸਰਕਾਰ ‘ਚ ਸ਼ਾਮਲ ਨਹੀਂ ਹੋਏ। ਜੇਤਲੀ ਅਟਲ ਬਿਹਾਰੀ ਵਾਜਪਾਈ ਸਰਕਾਰ ‘ਚ ਵੀ ਕੇਂਦਰੀ ਮੰਤਰੀ ਸਨ।