ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਇਲਾਕੇ ‘ਚ ਹੜ੍ਹ ਆਉਣ ਕਾਰਨ 6 ਲੋਕ ਫਸ ਗਏ ਸੀ, ਜਿਨ੍ਹਾਂ ਨੂੰ ਬਚਾਇਆ ਗਿਆ। ਇਸ ਦੇ ਨਾਲ ਹੀ ਕਾਂਗੜਾ ਅਤੇ ਚੰਬਾ ਜ਼ਿਲਿਆਂ ‘ਚ ਜ਼ਮੀਨ ਖਿਸ਼ਕਣ ਕਾਰਨ ਕਈ ਸੜਕਾਂ ਬੰਦ ਹਨ ਅਤੇ ਆਵਾਜਾਈ ਠੱਪ ਹੋ ਗਈ ਹੈ। ਕਾਂਗੜਾ ਜ਼ਿਲੇ ‘ਚ ਭਾਰੀ ਬਾਰਿਸ਼ ਕਾਰਨ ਸਾਰੀਆਂ ਸਿੱਖਿਆਵਾਂ ਸੰਸਥਾਵਾਂ ਅੱਜ ਭਾਵ ਸ਼ਨੀਵਾਰ ਨੂੰ ਬੰਦ ਕਰ ਦਿੱਤੀਆਂ ਗਈਆਂ ਹਨ। ਕਾਂਗੜਾ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲਾ ਮੈਜਿਸਟ੍ਰੇਟ ਰਾਕੇਸ਼ ਕੁਮਾਰ ਪ੍ਰਜਾਪਤੀ ਨੇ ਕਿਹਾ ਹੈ ਕਿ ਜ਼ਿਲੇ ਦੇ ਕਈ ਹਿੱਸਿਆ ‘ਚ ਸ਼ੁੱਕਰਵਾਰ ਦੀ ਸ਼ਾਮ ਤੋਂ ਲਗਾਤਾਰ ਹੋ ਰਹੀ ਬਾਰਿਸ਼ ਦੇ ਮੱਦੇਨਜ਼ਰ ਸ਼ਨੀਵਾਰ ਸਵੇਰਸਾਰ ਇਹ ਨਿਰਦੇਸ਼ ਜਾਰੀ ਕੀਤੇ। ਪ੍ਰਜਾਪਤੀ ਨੇ ਕਿਹਾ, ”ਜ਼ਿਲੇ ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਅੱਜ ਸਕੂਲਾਂ ਅਤੇ ਹੋਰ ਸਿੱਖਿਆ ਸੰਸਥਾਵਾਂ ‘ਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ।
ਮੌਸਮ ਵਿਗਿਆਨ ਵਿਭਾਗ ਨੇ ਸ਼ੁੱਕਰਵਾਰ ਨੂੰ ‘ਓਰੇਂਜ ਅਲਰਟ’ ਜਾਰੀ ਕਰਦੇ ਹੋਏ ਸੂਬਾ ਭਰ ‘ਚ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਸੀ। ਇਸ ਦੇ ਨਾਲ ਹੀ ‘ਰੈੱਡ ਅਲਰਟ’ ਜਾਰੀ ਕਰਦੇ ਹੋਏ ਕਾਂਗੜਾ ਸਮੇਤ ਕਈ ਜ਼ਿਲਿਆਂ ‘ਚ ਸ਼ਨੀਵਾਰ ਅਤੇ ਐਤਵਾਰ ਨੂੰ ਬਹੁਤ ਤੇਜ਼ ਬਾਰਿਸ਼ ਦੀ ਚਿਤਾਵਨੀ ਦਿੱਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ ‘ਚ ਫਸੇ ਹੋਏ ਜਿਨ੍ਹਾਂ 6 ਲੋਕਾਂ ਨੂੰ ਬਚਾਇਆ ਗਿਆ ਹੈ ਉਹ ਜਲਗ ਵਿੰਧਿਆਵਾਸਿਨੀ ਮੰਦਰ ਤੋਂ ਹੁੰਦੇ ਹੋਏ ਪਾਲਮਪੁਰ ਪਹੁੰਚਣਗੇ। ਉਨ੍ਹਾਂ ਨੇ ਦੱਸਿਆ ਹੈ ਕਿ ਸਬ-ਡਿਵੀਜਨ ਦੇ ਨੇੜੇ ਸ਼ੁੱਕਰਵਾਰ ਰਾਤ ਤੋਂ ਭਾਰੀ ਬਾਰਿਸ਼ ਹੋਣ ਕਾਰਨ ਨਿਊਗਲ ਖੱਡ ਅਤੇ ਹੋਰ ਨਦੀਆਂ ‘ਚ ਹੜ੍ਹ ਆ ਗਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇਸ ਤੋਂ 6 ਲੋਕ ਨਿਊਗਲ ਖੱਡ ‘ਚ ‘ ਓਮ ਹਾਈਡ੍ਰੋ ਪਾਵਰ ਪ੍ਰੋਜੈਕਟ’ ਦੇ ਨੇੜੇ ਫਸ ਗਏ। ਸੂਬਾ ਪੁਲਸ ਅਤੇ ਹੋਮ ਗਾਰਡ ਜਵਾਨਾਂ ਦੇ ਇੱਕ ਦਲ ਨੇ ਹੜ੍ਹ ‘ਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਿਆ ਹੈ।