ਨਵੀਂ ਦਿੱਲੀ— ਦਿੱਲੀ ਦੇ ਏਮਜ਼ ‘ਚ ਭਰਤੀ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਉਨ੍ਹਾਂ ਨੂੰ ਲਾਈਫ ਸਪੋਰਟ ‘ਤੇ ਰੱਖਿਆ ਗਿਆ ਹੈ। ਇਲਾਜ ਦੇ ਨਾਲ ਹੀ ਉਨ੍ਹਾਂ ਲਈ ਦੁਆਵਾਂ ਦਾ ਦੌਰ ਵੀ ਜਾਰੀ ਹੈ। ਅਰੁਣ ਜੇਤਲੀ ਦੇ ਛੇਤੀ ਸਿਹਤਮੰਦ ਹੋਣ ਲਈ ਹਵਨ ਕੀਤਾ ਗਿਆ। ਵਿਸ਼ਵ ਹਿੰਦੂ ਪਰੀਸ਼ਦ ਦੇ ਰਾਸ਼ਟਰੀ ਬੁਲਾਰੇ ਵਿਨੋਦ ਬਾਂਸਲ ਨੇ ਟਵੀਟ ਕੀਤਾ, ”ਦੇਸ਼ ਦੇ ਮੁੱਖ ਰਾਜਨੇਤਾ, ਲੇਖਕ ਅਤੇ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦੇ ਛੇਤੀ ਸਿਹਤਮੰਦ ਹੋਣ ਦੀ ਪਰਮਾਤਮਾ ਤੋਂ ਕਾਮਨਾ ਕਰਦੇ ਹਾਂ।”
ਇੱਥੇ ਦੱਸ ਦੇਈਏ ਕਿ ਅਰੁਣ ਜੇਤਲੀ 9 ਅਗਸਤ ਨੂੰ ਅਖਿਲ ਭਾਰਤੀ ਆਯੁਵਿਗਿਆਨ ਸੰਸਥਾ (ਏਮਜ਼) ‘ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਸਾਹ ਲੈਣ ‘ਚ ਮੁਸ਼ਕਲ ਪੇਸ਼ ਆ ਰਹੀ ਸੀ। ਜੇਤਲੀ ਦਾ ਹਾਲ-ਚਾਲ ਜਾਣਨ ਲਈ ਏਮਜ਼ ‘ਚ ਸ਼ਨੀਵਾਰ ਨੂੰ ਤਾਂਤਾ ਲੱਗਾ ਰਿਹਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਰੇਲ ਮੰਤਰੀ ਪਿਊਸ਼ ਗੋਇਲ ਨੇ ਏਮਜ਼ ਪਹੁੰਚ ਕੇ ਜੇਤਲੀ ਦਾ ਹਾਲ ਜਾਣਿਆ। ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਸਮੇਤ ਕਈ ਨੇਤਾ ਜੇਤਲੀ ਦੀ ਸਿਹਤ ਦਾ ਹਾਲ ਜਾਣਨ ਏਮਜ਼ ਪਹੁੰਚੇ।
ਨਾਲ ਹੀ ਜੇਤਲੀ ਦੀ ਹਾਲਤ ਨੂੰ ਲੈ ਕੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ। ਦੱਸਣਯੋਗ ਹੈ ਕਿ 2018 ‘ਚ ਜੇਤਲੀ ਦੀ ਕਿਡਨੀ ਦਾ ਟਰਾਂਸਪਲਾਂਟ ਹੋਇਆ ਸੀ। ਇਸ ਤੋਂ ਬਾਅਦ ਜੇਤਲੀ ਨੂੰ ਸਾਫਟ ਟਿਸ਼ੂ ਕੈਂਸਰ ਹੋ ਗਿਆ, ਜਿਸ ਦੀ ਸਰਜਰੀ ਲਈ ਉਹ ਇਸ ਸਾਲ ਦੀ ਸ਼ੁਰੂਆਤ ਵਿਚ ਅਮਰੀਕਾ ਵੀ ਗਏ ਸਨ। ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਨਹੀਂ ਲੜੀਆਂ ਸਨ ਅਤੇ ਕੈਬਨਿਟ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ।