ਫਿਰੋਜ਼ਪੁਰ – ਸਤਲੁਜ ਦਰਿਆ ‘ਚ ਵੱਧ ਰਹੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਫਿਰੋਜ਼ਪੁਰ ਦੇ ਡੀ.ਸੀ. ਚੰਦਰ ਗੈਂਦ ਤੇ ਐੱਸ.ਐੱਸ.ਪੀ. ਫਿਰੋਜ਼ਪੁਰ ਵਿਵੇਕਸ਼ੀਲ ਸੋਨੀ ਨੇ ਦਰਿਆ ਨਾਲ ਲੱਗਦੇ ਸਰਹੱਦੀ ਪਿੰਡਾਂ ਅਤੇ ਬੰਨ੍ਹ ਦਾ ਦੌਰਾ ਕੀਤਾ। ਦੌਰੇ ਦੌਰਾਨ ਡੀ.ਸੀ. ਨੇ ਸਤਲੁਜ ਦਰਿਆ ਨਾਲ ਲੱਗਦੀਆਂ ਗੱਟੀਆਂ ਆਦਿ 17 ਪਿੰਡਾਂ ਨੂੰ ਖਾਲੀ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਦੱਸਿਆਂ ਕਿ ਸੰਭਾਵੀ ਹੜ੍ਹ ਦੀ ਸਥਿਤੀ ਨੂੰ ਨਜਿੱਠਣ ਲਈ ਫਿਰੋਜ਼ਪੁਰ ਪ੍ਰਸ਼ਾਸਨ ਵਲੋਂ ਪੁਖਤਾ ਪ੍ਰੰਬਧ ਕੀਤੇ ਗਏ ਹਨ ਤੇ ਜ਼ਿਲਾ ਪੱਧਰੀ ਫਲੱਡ ਕੰਟਰੋਲ ਰੂਮ ਰਾਹੀਂ ਉਹ ਖੁਦ 24 ਘੰਟੇ ਜੁੜੇ ਹੋਏ ਹਨ ਅਤੇ ਐੱਸ.ਡੀ.ਐੱਮ. ਦੀ ਅਗਵਾਈ ਹੇਠ ਗਠਿਤ ਕੀਤੀਆਂ ਟੀਮਾਂ ਕੰਮਕਾਜ ਦਾ ਨਿਰੀਖਣ ਕਰ ਰਹੀਆਂ ਹਨ। ਇਸ ਦੌਰਾਨ ਹਰੀਕੇ ਹੈਡਵਰਕਸ ਤੋਂ ਛੱਡੇ ਗਏ ਕਰੀਬ 3 ਲੱਖ 40 ਹਜ਼ਾਰ ਕਿਊਸਿਕ ਪਾਣੀ ਕਾਰਨ ਸਤਲੁਜ ਦਰਿਆ ਦਾ ਪੱਧਰ ਹੋਰ ਵੱਧ ਗਿਆ, ਜਿਸ ਨਾਲ ਦਰਿਆ ਨਾਲ ਲੱਗਦੇ ਕਈ ਪਿੰਡਾਂ ‘ਚ ਹੜ੍ਹ ਆਉਣ ਦੀ ਸੰਭਾਵਨਾ ਵੱਧ ਗਈ। ਡੀ.ਸੀ ਨੇ ਕਿਹਾ ਕਿ ਇਨ੍ਹਾਂ 17 ਪਿੰਡਾਂ ਦੇ ਲੋਕ ਆਪਣੇ ਘਰਾਂ ਦਾ ਸਾਮਾਨ ਤੇ ਪਸ਼ੂ-ਕੱਖ ਕੇ ਲੈ ਸੁਰੱਖਿਅਤ ਸਥਾਨਾ ‘ਤੇ ਚਲੇ ਜਾਣ।
ਬੀ.ਐੱਸ.ਐੱਫ. ਦੇ ਕਈ ਸਰਚ ਟਾਵਰ, ਚੌਕੀਆ ਤੇ ਫੈਸਿੰਗ ਪਾਣੀ ਦੀ ਚਪੇਟ ‘ਚ
ਸਤਲੁਜ ਦਰਿਆ ‘ਚ ਵੱਧ ਰਹੇ ਪਾਣੀ ਕਾਰਨ ਬੀ.ਐੱਸ.ਐੱਫ. ਦੀਆਂ ਕਈ ਚੌਂਕੀਆਂ, ਸਰਚ ਟਾਵਰ ਅਤੇ ਵੱਡੇ ਪੱਧਰ ‘ਤੇ ਭਾਰਤ-ਪਾਕਿ ਸਰਹੱਦ ‘ਤੇ ਲਾਈ ਫੈਸਿੰਗ ਪਾਣੀ ਦੀ ਚਪੇਟ ‘ਚ ਆ ਗਈ ਹੈ। ਦਰਿਆ ‘ਚ ਪਾਣੀ ਦੀ ਮਾਤਰਾ ਵੱਧ ਜਾਣ ਕਾਰਨ ਬੀ.ਐੱਸ.ਐੱਫ. ਨੇ ਦਰਿਆ ‘ਚ ਬੋਟਸ ਦੇ ਰਾਹੀਂ ਆਪ ਦੀ ਪੈਟਰੋਲਿੰਗ ਦਾ ਚੌਕਸੀ ਵਧਾ ਦਿੱਤੀ ਹੈ ਅਤੇ ਸਿਵਲ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। ਡੀ.ਸੀ. ਨੇ ਦੱਸਿਆ ਕਿ ਦਰਿਆ ਨਾਲ ਲੱਗਦੇ ਪਿੰਡਾਂ ਲਈ ਮੋਟਰਬੋਟਸ, ਡਰਾਈਵਰ, ਰਹਿਣ ਲਈ ਟੈਂਟ, ਖਾਣ ਲਈ ਰਾਸ਼ਨ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਪਸ਼ੂਆਂ ਦੇ ਲਈ ਚਰਾ ਤੇ ਵੈਟਨਰੀ ਸਟਾਫ ਲਾਏ ਗਏ ਹਨ।ਚੰਦਰ ਗੈਂਦ ਨੇ ਦੱਸਿਆ ਕਿ ਲੋਕ ਅਫਵਾਹਾਂ ‘ਤੇ ਵਿਸ਼ਵਾਸ਼ ਨਾ ਕਰਨ ਅਤੇ ਆਪਣੇ ਘਰਾਂ ਦੇ ਆਸਪਾਸ ਰਹਿਣ ਅਤੇ 1-2 ਦਿਨਾ ‘ਚ ਬਾਹਰ ਨਾ ਜਾਣ।
ਸਾਰੇ ਪੁਲਸ ਅਧਿਕਾਰੀ ਸਿਵਲ ਪ੍ਰਸ਼ਾਸ਼ਨ ਤੇ ਬੀ.ਐੱਸ.ਐੱਫ. ਨਾਲ ਹਨ
ਐੱਸ.ਐੱਸ.ਪੀ. ਫਿਰੋਜ਼ਪੁਰ ਵਿਵੇਕਸ਼ੀਲ ਸੋਨ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਜ਼ਿਲਾ ਫਿਰੋਜ਼ਪੁਰ ‘ਚ ਸੰਭਾਵੀ ਹੜ ਵਰਗੀ ਸਥਿਤੀ ‘ਤੇ ਕਾਬੂ ਪਾਉਣ ਲਈ ਫਿਰੋਜ਼ਪੁਰ ਪੁਲਸ ਪੂਰੀ ਤਰ੍ਹਾਂ ਚੌਕਸ ਹੈ ਅਤੇ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਤੇ ਬੀ.ਐੱਸ.ਐੱਫ. ਉਨ੍ਹਾਂ ਦੇ ਨਾਲ ਹੈ। ਸਾਰੇ ਐੱਸ.ਐੱਚ.ਓਜ਼ ਨੂੰ ਚੌਕਸੀ ਵਧਾਉਣ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੇ ਨਾਲ-ਨਾਲ ਪਿੰਡਾਂ ‘ਚ ਅਨਾਊਸਮੈਂਟ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਦੇ ਹੋਏ ਪੰਜਾਬ ਪੁਲਸ ਵਲੋਂ ਸੈਕਿੰਡ ਡਿਫੈਂਸ ਦੇ ਰੂਪ ‘ਚ ਕੰਮ ਕੀਤਾ ਜਾ ਰਿਹਾ ਹੈ।