ਜਲੰਧਰ — ਪੰਜਾਬ ‘ਚ ਭਾਰੀ ਬਾਰਿਸ਼ ਨੇ ਕਹਿਰ ਮਚਾਇਆ ਹੋਇਆ ਹੈ। ਇਸ ਦੇ ਕਾਰਨ ਨਦੀਆਂ ਸਣੇ ਨਾਲੇ ਪੂਰੇ ਉਫਾਨ ‘ਤੇ ਹਨ ਅਤੇ ਹੜ੍ਹ ਦੇ ਮਦੇਨਜ਼ਰ ਰੋਪੜ ਹੈੱਡਵਰਕ ਤੋਂ 2 ਲੱਖ 23 ਹਜ਼ਾਰ 746 ਪਾਣੀ ਛੱਡਿਆ ਗਿਆ ਹੈ। ਰੋਪੜ ਤੋਂ ਪਾਣੀ ਛੱਡਣ ਦੇ ਕਾਰਨ ਸਤਲੁਜ ਦਰਿਆ ‘ਚ ਵੀ ਪਾਣੀ ਦਾ ਪੱਧਰ ਵੱਧ ਗਿਆ ਹੈ। ਸਤਲੁਜ ਦਰਿਆ ‘ਚ ਪਾਣੀ ਦਾ ਪੱਧਰ ਵੱਧਣ ਕਾਰਨ ਅੰਦਰਲੇ ਇਲਾਕਿਆਂ ‘ਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ ਅਤੇ ਸੈਂਕੜੇ ਏਕੜ ਫਸਲ ਬਰਬਾਦ ਹੋਣ ਦੀ ਜਾਣਕਾਰੀ ਮਿਲੀ ਹੈ।
ਇਸ ਸਬੰਧੀ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸਿਰਫ 40 ਹਜ਼ਾਰ ਕਿਊਸਿਕ ਪਾਣੀ ਛੱਡਣ ਦੀ ਜਾਣਕਾਰੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਪਾਣੀ ਛੱਡਣ ਦੀ ਜਾਣਕਾਰੀ ਮਿਲੀ, ਉਸ ਤੋਂ ਪਹਿਲਾਂ ਹੀ ਸਤਲੁਜ ਦਰਿਆ ਦਾ ਪੱਧਰ ਵੱਧ ਚੁੱਕਾ ਸੀ। ਇਸੇ ਕਰਕੇ ਦਰਿਆ ਦੇ ਅੰਦਰ ਬਣੇ ਟਾਪੂਨੁਮਾ ਇਲਾਕਿਆਂ ‘ਚ ਲੱਗੀਆਂ ਫਸਲਾਂ ਪਾਣੀ ‘ਚ ਡੁੱਬ ਗਈਆਂ ਹਨ। ਲੋਕਾਂ ਨੇ ਰੋਸ ਜਤਾਉਂਦੇ ਹੋਏ ਕਿਹਾ ਕਿ ਜੇਕਰ ਸਹੀ ਸਮੇਂ ‘ਤੇ ਪ੍ਰਸ਼ਾਸਨ ਵੱਲੋਂ ਸਹੀ ਜਾਣਕਾਰੀ ਦਿੱਤੀ ਜਾਂਦੀ ਤਾਂ ਖੇਤਾਂ ‘ਚ ਪਈਆਂ ਮਸ਼ੀਨਾਂ ਅਤੇ ਮੋਟਰਾਂ ਦਾ ਬਚਾਅ ਹੋ ਸਕਦਾ ਸੀ।
ਉਥੇ ਹੀ ਜਦੋਂ ਚੱਕ ਦਾਵਨੀਆ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪਿੰਡ ਖਾਲੀ ਕਰਨ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਰੋਪੜ ਤੋਂ ਛੱਡੇ ਗਏ 2, 23,746 ਕਿਊਸਿਕ ਪਾਣੀ ਛੱਡਣ ਦੀ ਵੀ ਜਾਣਕਾਰੀ ਨਹੀਂ ਹੈ। ਇਸ ਇਲਾਕੇ ਦੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ।