ਸ਼ਿਮਲਾ—ਹਿਮਾਚਲ ਪ੍ਰਦੇਸ਼ ‘ਚ ਭਾਰੀ ਬਾਰਿਸ਼ ਤੋਂ ਬਾਅਦ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਕਾਰਨ ਸ਼ਿਮਲਾ ਅਤੇ ਕਾਲਕਾ ਵਿਚਾਲੇ ਟ੍ਰੇਨ ਸੇਵਾਵਾਂ ਠੱਪ ਹੋ ਗਈਆਂ ਹਨ। ਰੇਲ ਅਧਿਕਾਰੀ ਨੇ ਦੱਸਿਆ ਹੈ ਕਿ ਭਾਰੀ ਬਾਰਿਸ਼ ਤੋਂ ਬਾਅਦ ਸ਼ਿਮਲਾ-ਕਾਲਕਾ ਵਿਚਾਲੇ 4-5 ਥਾਵਾਂ ‘ਤੇ ਜ਼ਮੀਨ ਖਿਸ਼ਕੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਕਾਲਕਾ ਤੋਂ ਸ਼ਿਮਲਾ ਜਾ ਰਹੀ ਟ੍ਰੇਨ ਸਵੇਰੇ 3 ਵਜੇ ਤੋਂ ਰਵਾਨਾ ਹੋਈ ਪਰ ਜ਼ਮੀਨ ਖਿਸਕਣ ਕਾਰਨ ਸਵੇਰੇ ਲਗਭਗ 5 ਵਜੇ ਧਰਮਪੁਰ ਰੇਲਵੇ ਸਟੇਸ਼ਨ ‘ਤੇ ਹੀ ਰੋਕ ਦਿੱਤੀ ਗਈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਪਟੜੀ ਸਾਫ ਹੋਣ ਤੋਂ ਬਾਅਦ ਸੋਮਵਾਰ ਤੱਕ ਸ਼ਿਮਲਾ-ਕਾਲਕਾ ਮਾਰਗ ‘ਤੇ ਟ੍ਰੇਨ ਸੇਵਾਵਾਂ ਬਹਾਲ ਹੋ ਸਕਦੀਆਂ ਹਨ।
ਦੱਸ ਦੇਈਏ ਕਿ ਸੂਬੇ ‘ਚ ਪਿਛਲੇ 24 ਘੰਟਿਆਂ ਤੋਂ ਲਗਾਤਾਰ ਭਾਰੀ ਬਾਰਿਸ਼ ਹੋਣ ਕਾਰਨ ਇੱਕ ਪਾਸੇ ਤਾਂ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ ਅਤੇ ਦੂਜੇ ਪਾਸੇ ਕਈ ਥਾਵਾਂ ‘ਤੇ ਭਿਆਨਕ ਰੂਪ ‘ਚ ਜ਼ਮੀਨ ਖਿਸਕਣ ਕਾਰਨ ਹਾਦਸੇ ਵਾਪਰ ਰਹੇ ਹਨ, ਇਸ ਦੌਰਾਨ ਹਾਈਵੇਅ ‘ਤੇ ਆਵਾਜਾਈ ਬੰਦ ਕੀਤੀ ਗਈ ਹੈ।