ਰੂਪਨਗਰ — ਰੂਪਨਗਰ ‘ਚ ਭਾਖੜਾ ਡੈਮ ਦੇ ਪਾਣੀ ਛੱਡੇ ਜਾਣ ਤੋਂ ਬਾਅਦ ਆਏ ਹੜ੍ਹਾਂ ਦਾ ਜਾਇਜ਼ਾ ਲੈਣ ਲਈ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਿਸ਼ੇਸ਼ ਤੌਰ ‘ਤੇ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਘੱਟ ਰਿਹਾ ਹੈ ਅਤੇ ਸਥਿਤੀ ਨੂੰ ਪੂਰੀ ਤਰ੍ਹਾਂ ਕੰਟਰੋਲ ‘ਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਤਲੁਜ ਦਰਿਆ ਦੇ ਅੰਦਰ ਜਿੰਨੀ ਪਾਣੀ ਸਟੋਰ ਕਰਨ ਦੀ ਸਮਰਥਾ ਸੀ, ਉਸ ਤੋਂ ਵੱਧ ਪਾਣੀ ਆਉਣ ਕਰਕੇ ਹੜ੍ਹ ਦੇ ਹਾਲਾਤ ਬਣੇ ਹੋਏ ਹਨ ਅਤੇ ਕਈ ਨਦੀਆਂ ਤੇ ਨਾਲੇ ਉਫਾਨ ‘ਤੇ ਹਨ।
ਸਤਲੁਜ ‘ਚ 2 ਲੱਖ ਕਿਊਸਿਕ ਪਾਣੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਪਰ ਇਸ ਵਾਰ ਪਾਣੀ ਦਾ ਪੱਧਰ 2 ਲੱਖ 40 ਹਜ਼ਾਰ ਤੋਂ ਪਾਰ ਹੋ ਗਿਆ। ਉਨ੍ਹਾਂ ਕਿਹਾ ਕਿ ਹੌਲੀ-ਹੌਲੀ ਪਾਣੀ ਦਾ ਪੱਧਰ ਘੱਟ ਰਿਹਾ ਹੈ ਪਰ ਜੇਕਰ ਬਰਸਾਤ ਫਿਰ ਤੋਂ ਹੁੰਦੀ ਹੈ ਤਾਂ ਪਾਣੀ ਦਾ ਪੱਧਰ ਵੱਧ ਵੀ ਸਕਦਾ ਹੈ। ਸਰਕਾਰ ਵੱਲੋਂ ਸਥਿਤੀ ਨਾਲ ਨਜਿੱਠਣ ਦੇ ਲਈ ਪੂਰੇ ਪ੍ਰਬੰਧ ਕੀਤੇ ਜਾ ਰਹੇ ਹਨ।