ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਸ ਗੱਲ ‘ਤੇ ਪੂਰਨ ਤੌਰ ‘ਤੇ ਵਿਸ਼ਵਾਸ ਪ੍ਰਗਟਾਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਪਿਛਲੇ ਢਾਈ ਸਾਲਾਂ ਦੌਰਾਨ ਰੱਖੀ ਮਜ਼ਬੂਤ ਨੀਂਹ ਸਦਕਾ ਸੂਬਾ ਵਿਕਾਸ ਦੀਆਂ ਲੀਹਾਂ ‘ਤੇ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਪੰਜਾਬ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉਭਰੇਗਾ, ਜਿਸ ਨਾਲ ਸੂਬੇ ਦੀ ਤਕਦੀਰ ਬਦਲੇਗੀ ਅਤੇ ਇਸ ਦਾ ਸਿੱਧਾ ਸਕਾਰਾਤਮਕ ਅਸਰ ਇਥੋਂ ਦੇ ਲੋਕਾਂ ਦੇ ਰਹਿਣ-ਸਹਿਣ ਉਪਰ ਪਵੇਗਾ। ਵਿੱਤ ਮੰਤਰੀ ਨੇ ਇਹ ਗੱਲ ਬੀਤੀ ਦੇਰ ਸ਼ਾਮ ਉਦਯੋਗ ਭਵਨ ਵਿਖੇ ਪੰਜਾਬ ਨਾਲ ਜੁੜੇ ਉਦਮੀਆਂ ਦੇ ਇਕ ਗਰੁੱਪ ਨਾਲ ਵਿਚਾਰ-ਵਟਾਂਦਰਾ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਨਿਵੇਸ਼ਕ ਪੱਖੀ ਨੀਤੀਆਂ ਸਦਕਾ ਸਾਡੀ ਸਰਕਾਰ ਵਲੋਂ ਮਾਰਚ 2017 ‘ਚ ਸੱਤਾ ਸੰਭਾਲਣ ਤੋਂ ਬਾਅਦ ਹੁਣ ਤੱਕ ਢਾਈ ਸਾਲ ਦੇ ਅਰਸੇ ਦੌਰਾਨ ਸੂਬੇ ‘ਚ 50 ਹਜ਼ਾਰ ਕਰੋੜ ਤੋਂ ਵੱਧ ਦਾ ਨਿਵੇਸ਼ ਹੋ ਚੁੱਕਾ ਹੈ।
ਇਸ ਤੋਂ ਪਹਿਲਾਂ ਵਫਦ ਦਾ ਸਵਾਗਤ ਕਰਦਿਆਂ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਪੰਜਾਬ ‘ਚ ਹੁਣ ਉਦਯੋਗੀਕਰਨ ਦਾ ਸਮਾਂ ਆ ਗਿਆ ਹੈ ਕਿਉਂਕਿ ਪੰਜਾਬ ਦੀ ਰਵਾਇਤੀ ਅਰਥਵਿਵਥਥਾ ਖੇਤੀਬਾੜੀ ਪਹਿਲਾਂ ਹੀ ਆਪਣਾ ਸਿਖਰ ਛੂਹ ਚੁੱਕੀ ਹੈ। ਸੂਬੇ ‘ਚ ਉਦਯੋਗਿਕ ਵਿਕਾਸ ਨੂੰ ਅੱਗੇ ਲਿਜਾਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਉਦਮੀ ਨੌਜਵਾਨ ਪੰਜਾਬ ‘ਚ ਰਵਾਇਤੀ ਖੇਤੀਬਾੜੀ ਨੂੰ ਹਾਈਟੈਕ ਐਗਰੋ ਇੰਡਸਟਰੀ ‘ਚ ਬਦਲਣ ਲਈ ਅਹਿਮ ਰੋਲ ਨਿਭਾ ਰਹੇ ਹਨ। ਇਨਵੈਸਟ ਪੰਜਾਬ ਦੇ ਸੀ. ਈ. ਓ. ਸ਼੍ਰੀ ਰਜਤ ਅਗਰਵਾਲ ਨੇ ਇਨਵੈਸਟ ਪੰਜਾਬ ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਉਦਮੀਆਂ ਨੂੰ ਸੂਬਾ ਸਰਕਾਰ ਵੱਲੋਂ ਨਿਵੇਸ਼ਕਾਂ ਨੂੰ ਦਿੱਤੀਆਂ ਜਾ ਰਹੀਆਂ ਵੱਖ-ਵੱਖ ਰਿਆਇਤਾਂ ਬਾਰੇ ਵੀ ਜਾਣੂ ਕਰਵਾਇਆ। ਉਦਮੀਆਂ ਦੇ ਵਫਦ ‘ਚ ਜੇ. ਪੀ. ਮੌਰਗਨ ਪ੍ਰਾਈਵੇਟ ਇਕੂਅਟੀ ਗਰੁੱਪ ਦੇ ਖੇਤਰੀ ਸਲਾਹਕਾਰ ਅਵਨੀਤ ਸਿੰਘ ਕੋਛੜ, ਈਕੋਲਾਈਨ ਦੇ ਸੀ.ਈ.ਓ. ਸੁਰਿੰਦਰ ਲਾਲੀ ਸਾਹਨੀ, ਭਾਰਤ ਲਾਈਟ ਐਂਡ ਪਾਵਰ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਅਤੇ ਸੀ. ਈ. ਓ. ਤੇਜਪ੍ਰੀਤ ਸਿੰਘ ਚੋਪੜਾ ਆਦਿ ਸ਼ਾਮਲ ਸਨ।