ਪਟਨਾ— ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਦਾ ਸੋਮਵਾਰ ਭਾਵ ਅੱਜ ਦਿੱਲੀ ‘ਚ ਦਿਹਾਂਤ ਹੋ ਗਿਆ। ਉਹ 82 ਸਾਲ ਦੇ ਸਨ। ਦੱਸਿਆ ਜਾ ਰਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਬੀਮਾਰ ਸਨ ਅਤੇ ਉਨ੍ਹਾਂ ਦਾ ਦਿੱਲੀ ਦੇ ਇਕ ਹਸਪਤਾਲ ‘ਚ ਇਲਾਜ ਚਲ ਰਿਹਾ ਸੀ। ਜਗਨਨਾਥ ਮਿਸ਼ਰਾ 3 ਵਾਰ ਬਿਹਾਰ ਦੇ ਮੁੱਖ ਮੰਤਰੀ ਰਹੇ ਸਨ। ਸਾਲ 1975 ‘ਚ ਉਹ ਪਹਿਲੀ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ ਸਨ। ਦੂਜੀ ਵਾਰ 1980 ਅਤੇ ਆਖਰੀ ਵਾਰ 1989 ਤੋਂ 1990 ਤਕ ਬਿਹਾਰ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਨੇ ਕੇਂਦਰ ਵਿਚ ਵੀ ਮੰਤਰੀ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੀ ਸੀ।
ਜਗਨਨਾਥ ਦੇ ਦਿਹਾਂਤ ਦੀ ਖਬਰ ਨਾਲ ਪੂਰੇ ਬਿਹਾਰ ਵਿਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਦਿਹਾਂਤ ਦੀ ਖਬਰ ‘ਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਦੁਖ ਜਤਾਇਆ ਹੈ ਅਤੇ ਤਿੰਨ ਦਿਨ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਨਿਤਿਸ਼ ਕੁਮਾਰ ਨੇ ਕਿਹਾ ਕਿ ਜਗਨਨਾਥ ਮਿਸ਼ਰਾ ਇਕ ਮੰਨੇ-ਪ੍ਰਮੰਨੇ ਰਾਜ ਨੇਤਾ ਸਨ। ਉਨ੍ਹਾਂ ਦੇ ਦਿਹਾਂਤ ਨਾਲ ਨਾ ਸਿਰਫ ਬਿਹਾਰ ਨੂੰ ਸਗੋਂ ਕਿ ਪੂਰੇ ਦੇਸ਼ ਨੂੰ ਕੇਦ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਜਗਨਨਾਥ ਦੇ ਪਰਿਵਾਰ ਵਿਚ 3 ਪੁੱਤਰ ਅਤੇ 3 ਧੀਆਂ ਹਨ। ਉਨ੍ਹਾਂ ਦੇ ਛੋਟੇ ਪੁੱਤਰ ਨਿਤਿਸ਼ ਮਿਸ਼ਰਾ ਬਿਹਾਰ ਵਿਚ ਮੰਤਰੀ ਰਹਿ ਚੁੱਕੇ ਹਨ ਅਤੇ ਫਿਲਹਾਲ ਉਹ ਭਾਜਪਾ ਪਾਰਟੀ ਦੇ ਉੱਪ ਪ੍ਰਧਾਨ ਹਨ। ਜਗਨਨਾਥ ਨੇ ਇਕ ਪ੍ਰੋਫੈਸਰ ਦੇ ਰੂਪ ‘ਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਅਤੇ ਬਾਅਦ ਵਿਚ ਬਿਹਾਰ ਯੂਨੀਵਰਸਿਟੀ ਵਿਚ ਅਰਥ ਸ਼ਾਸਤਰ ਦੇ ਪ੍ਰੋਫੈਸਰ ਬਣੇ ਸਨ। ਉਨ੍ਹਾਂ ਦੀ ਸਿਆਸਤ ‘ਚ ਕਾਫੀ ਦਿਲਚਸਪੀ ਸੀ, ਜਿਸ ਕਾਰਨ ਉਨ੍ਹਾਂ ਨੇ ਸਿਆਸਤ ‘ਚ ਜਾਣ ਦਾ ਮਨ ਬਣਾਇਆ। ਭਾਰਤੀ ਰਾਸ਼ਟਰੀ ਕਾਂਗਰਸ ‘ਚ ਸ਼ਾਮਲ ਹੋਣ ਤੋਂ ਬਾਅਦ ਉਹ 3 ਵਾਰ ਬਿਹਾਰ ਦੇ ਮੁੱਖ ਮੰਤਰੀ ਚੁਣੇ ਗਏ ਸਨ।