ਨਵੀਂ ਦਿੱਲੀ—ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਵਾਈ ਫੌਜ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਗੁਆਂਢ ‘ਚ ਮੌਜੂਦ ਅੱਤਵਾਦੀ ਟਿਕਾਣਿਆਂ ‘ਤੇ ਕੀਤੇ ਗਏ ਹਮਲੇ ਸਾਡੀ ਹਵਾਈਫੌਜ ਦੀ ਤਾਕਤ ਅਤੇ ਸਮਰੱਥਾ ਨੂੰ ਦਿਖਾਉਂਦੇ ਹਨ। ਦੱਸ ਦੇਈਏ ਕਿ ਅੱਜ ਭਾਵ ਮੰਗਲਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਬੀ. ਐੱਸ. ਧਨੋਆ ਨੇ ਡਿਫੈਂਸ ਇਕੂਪਮੈਂਟ ਦੇ ਆਧੁਨਿਕੀਕਰਨ ‘ਤੇ ਸੈਮੀਨਾਰ ਦੌਰਾਨ ਇੱਕ ਕਿਤਾਬ ਲਾਂਚ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਹਵਾਈ ਫੌਜ ਨੂੰ ਤਕਨੀਕੀ ਰੂਪ ਕਾਫੀ ਉੱਨਤ ਅਤੇ ਸ਼ਕਤੀਸ਼ਾਲੀ ਦੱਸਦੇ ਹੋਏ ਕਿਹਾ ਕਿ ਸਾਡੇ ਗੁਆਂਢ ‘ਚ ਅੱਤਵਾਦੀਆਂ ਖਿਲਾਫ ਹਮਲਾਵਰ ਕਾਰਵਾਈ ਨੇ ਭਾਰਤੀ ਹਥਿਆਰਬੰਦ ਬਲਾਂ ਦੀ ਤਾਕਤ ਦਾ ਪੱਧਰ ਦਿਖਾਇਆ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਫੌਜ ਦੇ ਪੁਲਵਾਮਾ ਅੱਤਵਾਦੀ ਹਮਲੇ ਦੌਰਾਨ 40 ਸੀ. ਆਰ. ਪੀ. ਐੱਫ. ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਫਰਵਰੀ ‘ਚ ਪਾਕਿਸਤਾਨ ਦੇ ਬਾਲਾਕੋਟਾ ਸਥਿਤ ਅੱਤਵਾਦੀ ਕੈਂਪਾਂ ‘ਤੇ ਹਵਾਈ ਹਮਲਾ ਕੀਤਾ ਸੀ।