ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ‘ਚ ਚੁਣਾਵੀ ਮਾਹੌਲ ਗਰਮਾ ਗਿਆ ਹੈ। ਸਾਰੀਆਂ ਪਾਰਟੀਆਂ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰਨ ‘ਚ ਜੁੱਟ ਗਈਆਂ ਹਨ। ਮੰਗਲਵਾਰ ਨੂੰ ਐੱਨ. ਐੱਸ. ਯੂ. ਆਈ. ਵਿਦਿਆਰਥੀ ਸੰਗਠਨ ਵਲੋਂ ਫੀਸਾਂ ‘ਚ ਵਾਧੇ ਨੂੰ ਲੈ ਕੇ ਵੀ. ਸੀ. ਦਫਤਰ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਵੀ. ਸੀ. ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਸੰਗਠਨ ਦੀ ਕਾਰਕੁੰਨ ਸੀਆ ਮਨੋਚਾ ਦਾ ਕਹਿਣਾ ਹੈ ਕਿ ਪੀ. ਯੂ. ਪ੍ਰਸ਼ਾਸਨ ਹਰ ਸਾਲ ਆਪਣੀ ਮਰਜ਼ੀ ਨਾਲ 5 ਤੋਂ 10 ਫੀਸਦੀ ਫੀਸਾਂ ਵਧਾ ਦਿੰਦਾ ਹੈ, ਜਿਸ ਕਾਰਨ ਵਿਦਿਆਰਥੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੀ. ਯੂ. ‘ਚ ਗਰੀਬ ਤੋਂ ਲੈ ਕੇ ਅਮੀਰ ਤੱਕ ਹਰ ਤਰ੍ਹਾਂ ਦਾ ਵਿਦਿਆਰਥੀ ਪੜ੍ਹਦਾ ਹੈ ਅਤੇ ਜੇਕਰ ਇੰਝ ਹੀ ਫੀਸਾਂ ‘ਚ ਵਾਧਾ ਹੁੰਦਾ ਰਿਹਾ ਤਾਂ ਵਿਦਿਆਰਥੀਆਂ ਦਾ ਇੱਥੇ ਪੜ੍ਹਨਾ ਮੁਸ਼ਕਲ ਹੋ ਜਾਵੇਗਾ। ਸੰਗਠਨ ਦੇ ਇੰਚਾਰਜ ਵਿਸ਼ਾਲ ਚੌਧਰੀ ਨੇ ਪੀ. ਯੂ. ਪ੍ਰਸ਼ਾਸਨ ‘ਤੇ ਦੋਸ਼ ਲਾਇਆ ਹੈ ਕਿ ਵਿਦਿਆਰਥੀਆਂ ਲਈ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਹੈ ਅਤੇ ਹੋਸਟਲਾਂ ਤੋਂ ਲੈ ਕੇ ਕਲਾਸ ਰੂਮਾਂ ਤੱਕ ਦਾ ਬੁਰਾ ਹਾਲ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਪੀ. ਯੂ. ਪ੍ਰਸ਼ਾਸਨ ਜੇਕਰ ਵਿਦਿਆਰਥੀਆਂ ਨੂੰ ਪੂਰੀਆਂ ਸਹੂਲਤਾਵਾਂ ਹੀ ਮੁਹੱਈਆ ਨਹੀਂ ਕਰਾਉਂਦਾ ਤਾਂ ਹਰ ਸਾਲ ਫੀਸ ਵਧਾ ਕੇ ਵਿਦਿਆਰਥੀਆਂ ਤੋਂ ਲਏ ਗਏ ਪੈਸੇ ਕਿੱਥੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਫੀਸਾਂ ‘ਚ ਵਾਧਾ ਬੰਦ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਦਾ ਧਰਨਾ ਪ੍ਰਦਰਸ਼ਨ ਇੰਝ ਹੀ ਜਾਰੀ ਰਹੇਗਾ।