ਨਵੀਂ ਦਿੱਲੀ— ਦਿੱਲੀ ‘ਤੇ ਹੜ੍ਹ ਦਾ ਖਤਰਾ ਲਗਾਤਾਰ ਮੰਡਰਾ ਰਿਹਾ ਹੈ। ਹਰਿਆਣਾ ਦੇ ਹਥਿਨੀ ਕੁੰਡ ਬੈਰਾਜ ਤੋਂ ਐਤਵਾਰ ਸ਼ਾਮ ਛੱਡੇ ਗਏ 8.28 ਲੱਖ ਕਿਊਸਿਕ ਪਾਣੀ ਕਾਰਨ ਦਿੱਲੀ ‘ਚ ਯਮੁਨਾ ਨਦੀ ਖਤਰੇ ਦੇ ਨਿਸ਼ਾਨ ਤੋਂ ਲਗਭਗ ਇਕ ਮੀਟਰ ਉੱਪਰ ਵਹਿ ਰਹੀ ਹੈ। ਯਮੁਨਾ ‘ਚ ਖਤਰੇ ਦਾ ਪੱਧਰ 205.33 ਮੀਟਰ ਹੈ, ਜਦੋਂ ਕਿ ਮੰਗਲਵਾਰ ਸਵੇਰੇ ਪਾਣੀ ਦਾ ਪੱਧਰ 205.94 ਮੀਟਰ ਦੇ ਨਿਸ਼ਾਨ ‘ਤੇ ਸੀ। ਪਾਣੀ ਦਾ ਪੱਧਰ ਵਧਣ ਨਾਲ ਯਮੁਨਾ ਦੇ ਵਹਾਅ ਖੇਤਰ ‘ਚ ਆਉਣ ਵਾਲੇ ਹੇਠਲੇ ਇਲਾਕਿਆਂ ‘ਚ ਪਾਣੀ ਭਰ ਗਿਆ ਹੈ। ਯਮੁਨਾ ਬਾਜ਼ਾਰ ਇਲਾਕੇ ‘ਚ ਘਰਾਂ ਅਤੇ ਦੁਕਾਨਾਂ ‘ਚ ਪਾਣੀ ਭਰਨ ਕਾਰਨ ਲੋਕ ਇੱਥੋਂ ਪਲਾਇਨ ਕਰ ਰਹੇ ਹਨ। ਪ੍ਰਸ਼ਾਸਨ ਨੇ ਹੇਠਲੇ ਇਲਾਕਿਆਂ ਨੂੰ ਤੇਜ਼ੀ ਨਾਲ ਖਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਯਮੁਨਾ ‘ਚ ਪਾਣੀ ਵਧਣ ਨਾਲ ਨਿਗਮਬੋਧ ਘਾਟ ‘ਚ ਵੀ ਪਾਣੀ ਜਮ੍ਹਾ ਹੋ ਗਿਆ ਹੈ।
ਕੇਜਰੀਵਾਲ ਨੇ ਬੁਲਾਈ ਸੀ ਐਮਰਜੈਂਸੀ ਬੈਠਕ
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਯਮੁਨਾ ਦੇ ਵਧਦੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਮਰਜੈਂਸੀ ਬੈਠਕ ਬੁਲਾਈ ਸੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਨਿਰਦੇਸ਼ ਦਿੱਤੇ ਸਨ। ਯਮੁਨਾ ‘ਚ ਪਾਣੀ ਦਾ ਪੱਧਰ ਵਧਣ ਨਾਲ ਯੂ.ਪੀ. ਦੇ ਮਥੁਰਾ ਦੇ 175 ਪਿੰਡਾਂ ‘ਚ ਵੀ ਹੜ੍ਹ ਦੇ ਹਾਲਾਤ ਪੈਦਾ ਹੋ ਰਹੇ ਹਨ।
ਪ੍ਰਸ਼ਾਸਨ ਹਾਈ ਅਲਰਟ ‘ਤੇ
ਦਿੱਲੀ ਸਰਕਾਰ ਯਮੁਨਾ ਦੀ ਸਥਿਤੀ ‘ਤੇ ਨਜ਼ਰ ਬਣਾਏ ਹੋਏ ਹੈ। ਪ੍ਰਸ਼ਾਸਨ ਨੂੰ ਵੀ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਨਾਲ ਹੀ ਰੈਸਕਿਊ ਟੀਮ ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਹੈ ਅਤੇ ਸਾਵਧਾਨੀ ਵਜੋਂ ਹੇਠਲੇ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਵਧਦੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਪੁਰਾਣੇ ਲੋਹਾ ਪੁੱਲ ‘ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ।
ਰਾਹਤ ਕੈਂਪ ਬਣਾਏ ਗਏ
ਦਿੱਲੀ ਸਰਕਾਰ ਨੇ 2120 ਰਾਹਤ ਕੈਂਪ ਬਣਾਏ ਹਨ। ਯਮੁਨਾ ਦੇ ਹੇਠਲੇ ਇਲਾਕੇ ਤੋਂ ਲਗਭਗ 24 ਹਜ਼ਾਰ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਖਾਸ ਅਪੀਲ ਕੀਤੀ ਗਈ ਹੈ ਕਿ ਲੋਕ ਆਪਣੇ ਬੱਚਿਆਂ ਦਾ ਖਿਆਲ ਰੱਖਣ ਅਤੇ ਉਨ੍ਹਾਂ ਨੂੰ ਪਾਣੀ ‘ਚ ਜਾਣ ਤੋਂ ਰੋਕਣ। ਦਿੱਲੀ ਲਈ ਅਗਲੇ 2 ਦਿਨ ਇਸ ਮਾਮਲੇ ‘ਚ ਨਾਜ਼ੁਕ ਰਹਿਣ ਵਾਲੇ ਹਨ। ਦਿੱਲੀ ਸਰਕਾਰ ਨੇ 2 ਐਮਰਜੈਂਸੀ ਨੰਬਰ- 21210849 ਅਤੇ 22421646 ਜਾਰੀ ਕਰ ਕੇ ਆਫ਼ਤ ਦੀ ਸਥਿਤੀ ‘ਚ ਇਨ੍ਹਾਂ ‘ਤੇ ਫੋਨ ਕਰਨ ਦੀ ਅਪੀਲ ਕੀਤੀ ਹੈ।
ਮਥੁਰਾ ਦੇ 175 ਪਿੰਡਾਂ ‘ਤੇ ਹੜ੍ਹ ਦਾ ਖਤਰਾ
ਯਮੁਨਾ ‘ਚ ਪਾਣੀ ਦੇ ਵਧਣ ਕਾਰਨ ਯੂ.ਪੀ. ਦੇ ਮਥੁਰਾ ਦੇ ਲਗਭਗ 175 ਪਿੰਡਾਂ ‘ਤੇ ਹੜ੍ਹ ਦਾ ਖਤਰਾ ਮੰਡਰਾ ਰਿਹਾ ਹੈ। ਜੇਕਰ ਯਮੁਨਾ ਦਾ ਪਾਣੀ ਦਾ ਪੱਧਰ ਹੋਰ ਵਧਦਾ ਹੈ ਤਾਂ ਇਨ੍ਹਾਂ ਪਿੰਡਾਂ ‘ਚ ਪਾਣੀ ਭਾਰੀ ਤਬਾਹੀ ਮਚਾ ਸਕਦਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਹੜ੍ਹ ਤੋਂ ਬਚਣ ਲਈ ਉੱਚੀਆਂ ਥਾਂਵਾਂ ‘ਤੇ ਸ਼ਰਨ ਲੈਣ ਦੀ ਸਲਾਹ ਦਿੱਤੀ ਹੈ। ਨਾਲ ਹੀ ਬਚਾਅ ਦਲ ਦੇ ਲੋਕ ਲਗਾਤਾਰ ਲੋਕਾਂ ਦਾ ਪਲਾਇਨ ਕਰਵਾ ਰਹੇ ਹਨ।