ਸ਼ਿਮਲਾ—ਹਿਮਾਚਲ ਪ੍ਰਦੇਸ਼ ‘ਚ ਲਗਾਤਾਰ ਭਾਰੀ ਬਾਰਿਸ਼ ਹੋਣ ਕਾਰਨ ਸੋਮਵਾਰ ਨੂੰ ਲਗਭਗ 2,000 ਸੈਲਾਨੀ ਫਸ ਗਏ। ਸੂਬੇ ‘ਚ ਹੜ੍ਹ ਆਉਣ ਨਾਲ ਜ਼ਮੀਨ ਖਿਸ਼ਕਣ ਕਾਰਨ ਲਾਹੌਲ-ਸਪਿਤੀ ਦੇ ਮਨਾਲੀ-ਲੇਹ ਅਤੇ ਮਨਾਲੀ-ਸਪਿਤੀ ਹਾਈਵੇਅ ਠੱਪ ਹੋ ਗਏ ਅਤੇ ਕਈ ਸੈਲਾਨੀ ਫਸ ਗਏ। ਦੱਸ ਦੇਈਏ ਕਿ ਭਾਰੀ ਬਾਰਿਸ਼ ਕਾਰਨ ਸੂਬੇ ਭਰ ‘ਚ ਹੁਣ 36 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮੁੱਖ ਮੰਤਰੀ ਜੈਰਾਮ ਠਾਕੁਰ ਨੇ ਡਿਪਟੀ ਕਮਿਸ਼ਨਰ ਨੂੰ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਸੂਬੇ ਭਰ ‘ਚ ਬਿਜਲੀ, ਪਾਣੀ ਅਤੇ ਇੰਟਰਨੈੱਟ ਸਰਵਿਸਿਜ਼ ਬਹਾਲ ਕੀਤੀਆਂ ਜਾਣ ਅਤੇ ਭਾਰੀ ਬਾਰਿਸ਼ ਕਾਰਨ ਸੂਬੇ ‘ਚ ਆਏ ਹੜ੍ਹ ਕਾਰਨ ਹੋਏ ਨੁਕਸਾਨ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ। ਇਸ ਦੇ ਨਾਲ ਬੀਤੇ ਦਿਨ ਉਨ੍ਹਾਂ ਨੇ 15 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਸੀ।
ਜ਼ਿਕਰਯੋਗ ਹੈ ਕਿ ਭਾਰੀ ਬਾਰਿਸ਼ ਕਾਰਨ ਹਿਮਾਚਲ ਦੇ ਕੁੱਲੂ-ਮੰਡੀ ਹਾਈਵੇਅ ਸੋਮਵਾਰ ਸ਼ਾਮ ਤੱਕ ਵਨਵੇਅ ਖੋਲ ਦਿੱਤਾ ਸੀ ਪਰ ਮੰਡੀ-ਚੰਡੀਗੜ੍ਹ ਹਾਈਵੇਅ ਹੁਣ ਤੱਕ ਠੱਪ ਹਨ। ਲਾਹੌਲ ਦੇ ਕੋਕਸਰ ਅਤੇ ਸਿਸੂ ਵਿਚਾਲੇ ਲਗਭਗ 1000 ਸੈਲਾਨੀ ਅਤੇ 400 ਵਾਹਨ ਫਸੇ ਹਨ। ਇਸ ਦੇ ਨਾਲ ਹੀ ਸੈਲਾਨੀਆਂ ਨੂੰ ਸਿਸੂ ‘ਚ ਹੋਟਲਾਂ, ਗੈਸਟ ਹਾਊਸ ਅਤੇ ਘਰਾਂ ‘ਚ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਲਗਭਗ 300 ਸੈਲਾਨੀ ਗ੍ਰਾਫੂ ਅਤੇ ਕਾਜ਼ਾ ‘ਚ ਫਸ ਗਏ ਅਤੇ ਮਨਾਲੀ-ਲੇਹ ਹਾਈਵੇਅ ਵੀ ਕਈ ਥਾਵਾਂ ਤੋਂ ਬੰਦ ਹੋ ਗਿਆ ਸੀ। ਭਾਰਤੀ ਫੌਜ ਦੇ ਲੱਦਾਖ ਜਾਣ ਵਾਲੇ 40 ਵਾਹਨ ਸਿਸੂ ‘ਚ ਫਸੇ ਹੋਏ ਹਨ।