ਉਤਰਾਖੰਡ— ਉਤਰਾਖੰਡ ‘ਚ ਬੁੱਧਵਾਰ ਨੂੰ ਇਕ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਤਰਕਾਸ਼ੀ ‘ਚ ਬੱਦਲ ਫਟਣ ਕਾਰਨ ਹੋਏ ਹਾਦਸੇ ਤੋਂ ਬਾਅਦ ਚਲਾਏ ਜਾ ਰਹੇ ਰਾਹਤ ਅਤੇ ਬਚਾਅ ਕੰਮ ‘ਚ ਇਸ ਹੈਲੀਕਾਪਟਰ ਨੂੰ ਲਗਾਇਆ ਗਿਆ ਸੀ। ਬੁੱਧਵਾਰ ਨੂੰ ਹੈਲੀਕਾਪਟਰ ਤੋਂ ਰਾਹਤ ਸਮੱਗਰੀ ਲਿਜਾਈ ਜਾ ਰਹੀ ਸੀ, ਉਦੋਂ ਉਹ ਕ੍ਰੈਸ਼ ਹੋ ਗਿਆ। ਹੈਲੀਕਾਪਟਰ ‘ਚ ਤਿੰਨ ਲੋਕ ਸਵਾਰ ਸਨ, ਸਾਰਿਆਂ ਦੀ ਮੌਤ ਹੋ ਗਈ ਹੈ। ਇਹ ਹੈਲੀਕਾਪਟਰ ਦੇਹਰਾਦੂਨ ਤੋਂ ਰਾਸ਼ਨ ਲੈ ਕੇ ਉੱਡਿਆ ਸੀ ਅਤੇ ਮੋਲੜੀ ਤੋਂ ਅਰਾਕੋਟ ਜਾ ਰਿਹਾ ਸੀ। ਉਦੋਂ ਉਤਰਕਾਸ਼ੀ ਪਹੁੰਚਣ ‘ਤੇ ਇਹ ਕ੍ਰੈਸ਼ ਹੋ ਗਿਆ। ਜਾਣਕਾਰੀ ਅਨੁਸਾਰ ਰਾਹਤ ਅਤੇ ਬਚਾਅ ਕੰਮ ‘ਚ ਜੁਟਿਆ ਇਹ ਹੈਲੀਕਾਪਟਰ ਅਚਾਨਕ ਬਿਜਲੀ ਦੀਆਂ ਤਾਰਾਂ ‘ਚ ਉਲਝ ਕੇ ਡਿੱਗ ਗਿਆ। ਹੈਲੀਕਾਪਟਰ ‘ਚ ਪਾਇਲਟ, ਕੋ-ਪਾਇਲਟ ਅਤੇ ਐੱਸ.ਡੀ.ਆਰ.ਐੱਫ. ਦੇ ਜਵਾਨ ਸਮੇਤ ਤਿੰਨ ਲੋਕ ਸਵਾਰ ਸਨ। ਜਿਨ੍ਹਾਂ ਦੀ ਇਸ ਹਾਦਸੇ ‘ਚ ਮੌਤ ਹ ੋਗਈ। ਹੈਲੀਕਾਪਟਰ ਏਵੀਏਸ਼ਨ ਦਾ ਸੀ, ਜਿਸ ਨੂੰ ਰਾਹਤ ਅਤੇ ਬਚਾਅ ਕੰਮਾਂ ਲਈ ਇਸਤੇਮਾਲ ਕੀਤਾ ਜਾ ਰਿਹਾ ਸੀ।
ਜ਼ਿਕਰਯੋਗ ਹੈ ਕਿ ਉਤਰਾਖੰਡ ਦੇ ਕਈ ਇਲਾਕਿਆਂ ‘ਚ ਭਿਆਨਕ ਹੜ੍ਹ ਆ ਚੁਕਿਆ ਹੈ। ਅਜਿਹੇ ‘ਚ ਐੱਨ.ਡੀ.ਆਰ.ਐੱਫ. ਅਤੇ ਫੌਜ ਦੇ ਜਵਾਨ ਜਿੱਥੇ ਰਾਹਤ ਕੰਮ ਕਰ ਰਹੇ ਹਨ। ਉੱਥੇ ਹੀ ਹੈਲੀਕਾਪਟਰ ਦੇ ਮਾਧਿਅਮ ਨਾਲ ਉਨ੍ਹਾਂ ਇਲਾਕਿਆਂ ‘ਚ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਉਤਰਕਾਸ਼ੀ ਖੇਤਰ ‘ਚ ਐਤਵਾਰ ਨੂੰ ਬੱਦਲ ਫੱਟ ਗਿਆ ਸੀ। ਇਸ ਹਾਦਸੇ ‘ਚ 17 ਲੋਕਾਂ ਦੀ ਮੌਤ ਹੋ ਗਈ।
ਮੁੱਖ ਮੰਤਰੀ ਨੇ ਕੀਤਾ 15 ਲੱਖ ਰੁਪਏ ਮੁਆਵਜ਼ੇ ਦਾ ਐਲਾਨ
ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਇਸ ਘਟਨਾ ‘ਤੇ ਡੂੰਘਾ ਦੁੱਖ ਜ਼ਾਹਰ ਕਰਦੇ ਹੋਏ ਕਿਹਾ ਕਿ ਉਤਰਕਾਸ਼ੀ ਦੇ ਆਫ਼ਤ ਪ੍ਰਭਾਵਿਤ ਖੇਤਰ ‘ਚ ਰਾਹਤ ਸਮੱਗਰੀ ਲਿਜਾ ਰਹੇ ਹੈਲੀਕਾਪਟਰ ਦੇ ਹਾਦਸੇ ਦਾ ਸ਼ਿਕਾਰ ਹੋਣ ਦੀ ਖਬਰ ਦੁਖਦ ਹੈ। ਈਸ਼ਵਰ ਤੋਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸਬਰ ਪ੍ਰਦਾਨ ਕਰਨ ਦੀ ਪ੍ਰਾਰਥਨਾ ਕਰਦਾ ਹਾਂ।” ਮੁੱਖ ਮੰਤਰੀ ਨੇ ਕਿਹਾ ਕਿ ਹੈਲੀਕਾਪਟਰ ਹਾਦਸੇ ‘ਚ ਮ੍ਰਿਤਕਾਂ ਨੂੰ 15-15 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਫਿਲਹਾਲ ਹੈਲੀ ਆਪਰੇਸ਼ਨ ਰੋਕ ਦਿੱਤਾ ਗਿਆ। ਲਾਸ਼ਾਂ ਨੂੰ ਜਿੱਥੇ ਪਰਿਵਾਰ ਵਾਲੇ ਕਹਿਣਗੇ ਪਹੁੰਚਾ ਦਿੱਤਾ ਜਾਵੇਗਾ।