ਮੋਹਾਲੀ : ਪਿਛਲੇ ਸਾਲ ਡੇਂਗੂ ਦੇ ਮਰੀਜ਼ ਪੂਰੇ ਪੰਜਾਬ ‘ਚ ਸਭ ਤੋਂ ਜ਼ਿਆਦਾ ਮੋਹਾਲੀ ‘ਚ ਸਨ, ਜਿਸ ਤੋਂ ਬਾਅਦ ਇਸ ‘ਤੇ ਹਾਈਕੋਰਟ ਵਲੋਂ ਵੀ ਫਟਕਾਰ ਲਾਈ ਗਈ ਸੀ। ਨਗਰ ਨਿਗਮ ਅਤੇ ਸਿਹਤ ਵਿਭਾਗ ਦੋਵੇਂ ਹਰਕਤ ‘ਚ ਆਏ ਅਤੇ ਇਸ ਸਾਲ ਡੇਂਗੂ ‘ਤੇ ਕਾਫੀ ਹੱਦ ਤੱਕ ਲਗਾਮ ਲਾਉਣ ‘ਚ ਸਫਲ ਵੀ ਹੋਏ। ਉੱਥੇ ਹੀ ਇਸ ਸਾਲ ਸਿਵਲ ਹਸਪਤਾਲ ‘ਚ ਕੁਝ ਦਿਨ ਪਹਿਲਾਂ ਹੀ ਜੁਆਇਨ ਕੀਤੇ ਨਵੇਂ ਸਿਵਲ ਸਰਜਨ ਵਲੋਂ ਜ਼ਿਲੇ ‘ਚ ਲੋਕਾਂ ਦੇ ਘਰਾਂ ਦੀ ਚੈਕਿੰਗ ਕਰਨ ਲਈ ਸਪੈਸ਼ਲ ਟੀਮ ਬਣਾ ਦਿੱਤੀ ਹੈ। ਨਾਲ ਹੀ ਉਸ ਟੀਮ ਦੀ ਅਗਵਾਈ ਸਿਵਲ ਸਰਜਨ ਖੁਦ ਕਰਦੇ ਹਨ, ਇਸ ਤੋਂ ਇਲਾਵਾ ਘਰਾਂ ਦੇ ਨਾਲ-ਨਾਲ ਟੀਮ ਹੁਣ ਸਰਕਾਰੀ ਸੰਸਥਾਵਾਂ ਦੀ ਵੀ ਚੈਕਿੰਗ ਕਰੇਗੀ।
ਸਿਵਲ ਸਰਜਨ ਮਨਜੀਤ ਨੇ ਕਿਹਾ ਕਿ ਉਨ੍ਹਾਂ ਵਲੋਂ ਰੋਜ਼ਾਨਾ ਇਕ ਟੀਮ ਬਣਾ ਕੇ ਘਰਾਂ ‘ਚ ਅਚਾਨਕ ਚੈਕਿੰਗ ਕੀਤੀ ਜਾ ਰਹੀ ਹੈ। ਉੱਥੇ ਹੀ ਜਾ ਕੇ ਪੂਰਾ ਘਰ ਚੈੱਕ ਕੀਤਾ ਜਾਂਦਾ ਹੈ ਕਿ ਕਿਤੇ ਉਨ੍ਹਾਂ ਨੇ ਮਿੱਟੀ ਦੇ ਭਾਂਡਿਆਂ ਅਤੇ ਗਮਲਿਆਂ ‘ਚ ਪਾਣੀ ਤਾਂ ਜਮ੍ਹਾਂ ਨਹੀਂ ਕੀਤਾ ਹੈ। ਜੇਕਰ ਕਾਫੀ ਦਿਨਾਂ ਤੋਂ ਜਮ੍ਹਾਂ ਪਾਣੀ ਮਿਲਦਾ ਹੈ ਤਾਂ ਉਸੇ ਸਮੇਂ ਉਨ੍ਹਾਂ ਦਾ ਚਲਾਨ ਕੱਟ ਦਿੱਤਾ ਜਾਂਦਾ ਹੈ, ਨਾਲ ਹੀ ਉਨ੍ਹਾਂ ਨੂੰ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਦੀ ਵੀ ਹਦਾਇਤ ਜਾਰੀ ਕਰ ਦਿੱਤੀ ਜਾਂਦੀ ਹੈ ਕਿ ਜੇਕਰ ਅਗਲੀ ਵਾਰ ਅਜਿਹਾ ਫਿਰ ਤੋਂ ਹੁੰਦਾ ਹੈ ਤਾਂ ਜ਼ੁਰਮਾਨਾ ਵਧਾਇਆ ਵੀ ਜਾ ਸਕਦਾ ਹੈ।