ਨਵੀਂ ਦਿੱਲੀ — ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਦਿੱਲੀ ਦੇ ਤੁਗਲਕਾਬਾਦ ‘ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਰ ਢਾਹੇ ਜਾਣ ਤੋਂ ਬਾਅਦ ਰਵਿਦਾਸ ਭਾਈਚਾਰੇ ਦੇ ਲੋਕਾਂ ਗੁੱਸਾ ਹੈ। ਦਿੱਲੀ ‘ਚ ਅੱਜ ਯਾਨੀ ਕਿ ਬੁੱਧਵਾਰ ਨੂੰ ਮੰਦਰ ਢਾਹੇ ਜਾਣ ਦੇ ਵਿਰੋਧ ‘ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਹੱਥਾਂ ‘ਚ ਨੀਲੇ ਰੰਗ ਦੇ ਝੰਡੇ ਫੜ ਕੇ ਵਿਰੋਧ ਪ੍ਰਦਰਸ਼ਨ ਕੀਤਾ। ਰਵਿਦਾਸ ਭਾਈਚਾਰੇ ਨੇ ਝੰਡੇਵਾਲਾਨ ਤੋਂ ਰਾਮਲੀਲਾ ਮੈਦਾਨ ਤਕ ਪ੍ਰਦਰਸ਼ਨ ਕੀਤਾ। ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹੋਰ ਸੂਬਿਆਂ ਤੋਂ ਆਏ ਪ੍ਰਦਰਸ਼ਨਕਾਰੀ ‘ਜਯ ਭੀਮ’ ਦੇ ਨਾਅਰੇ ਲਾ ਰਹੇ ਸਨ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਬੰਧਿਤ ਜ਼ਮੀਨ ਰਵਿਦਾਸ ਭਾਈਚਾਰੇ ਨੂੰ ਸੌਂਪ ਦਿੱਤੀ ਜਾਵੇ ਅਤੇ ਮੰਦਰ ਮੁੜ ਬਣਵਾਇਆ ਜਾਵੇ।
ਇੱਥੇ ਦੱਸ ਦੇਈਏ ਕਿ ਦਿੱਲੀ ਵਿਕਾਸ ਅਥਾਰਟੀ (ਡੀ. ਡੀ. ਏ.) ਨੇ ਸੁਪਰੀਮ ਕੋਰਟ ਦੇ ਹੁਕਮ ‘ਤੇ ਬੀਤੀ 10 ਅਗਸਤ, 2019 ਨੂੰ ਮੰਦਰ ਢਾਹ ਦਿੱਤਾ ਸੀ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਤੋਂ ਮੁੜ ਮੰਦਰ ਬਣਾਉਣ ਦੀ ਮੰਗ ਕੀਤੀ। ਇਹ ਮਾਮਲਾ ਸਿਆਸੀ ਰੰਗ ਲੈ ਚੁੱਕਾ ਹੈ, ਕਿਉਂਕਿ ਕਈ ਸਿਆਸੀ ਪਾਰਟੀਆਂ ਤੁਗਲਕਾਬਾਦ ਦੀ ਸੰੰਬੰਧਤ ਥਾਂ ‘ਤੇ ਜਾਂ ਕਿਸੇ ਹੋਰ ਬਦਲਵੇਂ ਥਾਂ ‘ਤੇ ਮੰਦਰ ਬਣਵਾਉਣ ਦੀ ਮੰਗ ਕਰ ਰਹੀਆਂ ਹਨ। ਇਸ ਮੁੱਦੇ ਨੂੰ ਲੈ ਕੇ ਰਵਿਦਾਸ ਭਾਈਚਾਰੇ ਵਲੋਂ 13 ਅਗਸਤ, 2019 ਨੂੰ ਪੰਜਾਬ ਬੰਦ’ ਦੀ ਕਾਲ ਦਿੱਤੀ ਸੀ। ਭਾਈਚਾਰੇ ਨੇ ਹਾਈਵੇਅ ਅਤੇ ਸੜਕਾਂ ‘ਤੇ ਜਾਮ ਲਾਇਆ ਸੀ। ਇਸ ਤੋਂ ਬਾਅਦ ਹੁਣ ਯਾਨੀ ਕਿ ਅੱਜ 21 ਅਗਸਤ ਨੂੰ ਦਿੱਲੀ ‘ਚ ਰਵਿਦਾਸ ਭਾਈਚਾਰੇ ਵਲੋਂ ਰੋਸ ਦੇਖਣ ਨੂੰ ਮਿਲ ਰਿਹਾ ਹੈ। ਅੱਜ ਦੇ ਇਸ ਪ੍ਰਦਰਸ਼ਨ ਵਿਚ ਦਿੱਲੀ ਦੇ ਸਮਾਜਿਕ ਨਿਆਂ ਮੰਤਰੀ ਰਾਜਿੰਦਰ ਪਾਲ ਗੌਤਮ, ਭੀਮ ਆਰਮੀ ਮੁਖੀ ਚੰਦਰਸ਼ੇਖਰ ਆਜ਼ਾਦ ਅਤੇ ਇਸ ਭਾਈਚਾਰੇ ਦੇ ਅਧਿਆਤਮਿਕ ਨੇਤਾ ਮੌਜੂਦ ਸਨ।
ਉੱਥੇ ਹੀ ਪੰਜਾਬ ਤੋਂ ਕਾਂਗਰਸ ਦੇ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਪਹੁੰਚੇ ਸਨ। ਰਿੰਕੂ ਨੇ ਕਿਹਾ ਕਿ ਅਸੀਂ ਸਾਰੇ ਇੱਥੇ ਮੰਦਰ ਦੀ ਮੰਗ ਲੈ ਕੇ ਆਏ ਹਾਂ। ਪੰਜਾਬ ਦੇ ਲੋਕਾਂ ‘ਚ ਮੰਦਰ ਢਾਹੇ ਜਾਣ ਨੂੰ ਲੈ ਕੇ ਬਹੁਤ ਰੋਸ ਹੈ। ਹਰਪਾਲ ਚੀਮਾ ਨੇ ਕਿਹਾ ਕਿ ਇਹ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਮਾਮਲਾ ਹੈ, ਮੰਦਰ ਉੱਥੇ ਹੀ ਬਣਨਾ ਚਾਹੀਦਾ ਹੈ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਸੀਂ ਇਸ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਮਾਂ ਮੰਗਿਆ ਹੈ। ਅਸੀਂ ਛੇਤੀ ਹੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਮਿਲਾਂਗੇ। ਇਹ ਮਾਮਲਾ ਛੇਤੀ ਹੀ ਹੱਲ ਹੋਣਾ ਚਾਹੀਦਾ ਹੈ, ਮੰਦਰ ਉੱਥੇ ਹੀ ਬਣਾਇਆ ਜਾਣਾ ਚਾਹੀਦਾ ਹੈ।