ਅੰਮ੍ਰਿਤਸਰ : ਹੜ੍ਹ ਪੀੜਤ ਪਰਿਵਾਰਾਂ ਨੂੰ ਸਿੱਖ ਪੰਥ ਬੇਗਾਨਗੀ ਦਾ ਅਹਿਸਾਸ ਨਾ ਹੋਣ ਦੇਵੇ। ਇਹ ਪ੍ਰਗਟਾਵਾ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਕੁਦਰਤੀ ਆਫਤ ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ ਦੇ ਪੀੜਤਾਂ ਦੀ ਮਦਦ ਲਈ ਸਮੂਹ ਸੰਗਤਾਂ ਇਕਜੁੱਟ ਹੋ ਕੇ ਹੰਭਲਾ ਮਾਰਨ ਅਤੇ ਉਨ੍ਹਾਂ ਦੀ ਮਦਦ ਲਈ ਆਪਣੀ ਜ਼ਿੰਮੇਵਾਰੀ ਪਛਾਣਦਿਆਂ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ ਤਾਂ ਇਸ ਮੌਕੇ ਹੜ੍ਹ ਪੀੜਤ ਪਰਿਵਾਰਾਂ ਦੀ ਹਰ ਪੱਖੋਂ ਮਦਦ ਕਰ ਕੇ ਇਸ ਦਿਹਾੜੇ ਦੇ ਅਰਥਾਂ ਨੂੰ ਅਮਲੀ ਜਾਮਾ ਪਹਿਨਾ ਸਕਾਂਗੇ। ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਸੰਦੇਸ਼ ਵੀ ਇਹੀ ਦਿੱਤਾ ਹੈ ਕਿ ਮੁਸ਼ਕਿਲ ਘੜੀ ‘ਚ ਲੋੜਵੰਦ ਦੀ ਮਦਦ ਕੀਤੀ ਜਾਵੇ ਤਾਂ ਜੋ ਪੀੜਤਾਂ ਦੇ ਦੁੱਖ ਨੂੰ ਵੰਡਾਇਆ ਜਾ ਸਕੇ। ਸਿੱਖ ਸੰਗਤਾਂ ਦੀ ਸੇਵਾ ਭਾਵਨਾ ਅੱਗੇ ਵੱਡੀਆਂ-ਵੱਡੀਆਂ ਕੁਦਰਤੀ ਆਫਤਾਂ ਵੱਲੋਂ ਕੀਤੇ ਨੁਕਸਾਨ ਉਸ ਮੌਕੇ ਬਹੁਤ ਛੋਟੇ ਪੈ ਜਾਂਦੇ ਹਨ, ਜਦੋਂ ਸਿੱਖ ਪਰਿਵਾਰ ਆਪਣੇ ਦਸਵੰਧ ਦਾ ਹਿੱਸਾ ਲੈ ਕੇ ਪੀੜਤ ਲੋਕਾਂ ਦੇ ਦਰਾਂ ‘ਤੇ ਪਹੁੰਚ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਉਹ ਜ਼ਿਲੇ ਜੋ ਹੜ੍ਹਾਂ ਦੇ ਪ੍ਰਭਾਵ ਤੋਂ ਮੁਕਤ ਹਨ, ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਅਪਣਾ ਲੈਣਾ ਚਾਹੀਦਾ ਹੈ।
ਇਸ ਮੌਕੇ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਪਿੰਡਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ-ਨਾਲ ਸਿੱਖ ਪੰਥ ਦੀਆਂ ਵੱਡੀਆਂ ਅਤੇ ਮਜ਼ਬੂਤ ਸੰਸਥਾਵਾਂ ਨੂੰ ਵੀ ਇਸ ਕੁਦਰਤੀ ਆਫਤ ਦਾ ਮੁਕਾਬਲਾ ਕਰਨ ਲਈ ਸਿੱਖ ਸੰਗਤਾਂ ਦੀ ਅਗਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਘਰ ਹੜ੍ਹਾਂ ‘ਚ ਢਹਿ-ਢੇਰੀ ਹੋ ਗਏ ਹਨ, ਭੰਡਾਰ ਕੀਤਾ ਅਨਾਜ ਖਰਾਬ ਹੋ ਗਿਆ ਹੈ, ਹੋਰ ਘਰੇਲੂ ਲੋੜੀਂਦੀਆਂ ਵਸਤਾਂ ਖਰਾਬ ਹੋ ਗਈਆਂ ਹਨ, ਉਨ੍ਹਾਂ ਦੀ ਮਦਦ ਲਈ ਹਰ ਸਿੱਖ ਆਪਣੀ ਜ਼ਿੰਮੇਵਾਰੀ ਨੂੰ ਪਛਾਣੇ ਤਾਂ ਜੋ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਇਹ ਪੀੜਤ ਪਰਿਵਾਰ ਵੀ ਖੁਸ਼ੀ-ਖੁਸ਼ੀ ਆਪਣੀਆਂ ਹਾਜ਼ਰੀਆਂ ਭਰ ਸਕਣ।