ਤੁਹਾਨੂੰ ਇਸ ਧਰਤੀ ‘ਤੇ ਕਾਹਦੇ ਲਈ ਭੇਜਿਆ ਗਿਐ? ਬੇਸ਼ੱਕ, ਤੁਸੀਂ ਇੱਥੇ ਸ਼ਬਦਾਂ ਦੇ ਸਪੈਲਿੰਗ ਸਿੱਖਣ ਲਈ ਆਏ ਹੋ। ਇਹ ਸੰਸਾਰ ਅਜਿਹੇ ਸ਼ਬਦਾਂ ਨਾਲ ਭਰਿਆ ਪਿਐ ਜਿਨ੍ਹਾਂ ਵਿੱਚ ਅੱਖਰਾਂ ਨੂੰ ਇੱਕ ਸਹੀ ਤਰਤੀਬ ਵਿੱਚ ਧਰਨਾ ਲਾਜ਼ਮੀ ਹੈ। ਤੁਸੀਂ ਇੱਥੇ ਟੈਕਸ ਅਦਾ ਕਰਨ ਲਈ ਵੀ ਆਏ ਹੋ। ਸਰਕਾਰਾਂ ਤੁਹਾਡੇ ਤੋਂ ਯੋਗਦਾਨ ਦੀ ਮੰਗ ਕਰਦੀਆਂ ਹਨ। ਸਭ ਤੋਂ ਵੱਧ ਮਹੱਤਵਪੂਰਨ, ਤੁਸੀਂ ਇੱਥੇ ਤਨਾਅ ਦਾ ਕਸ਼ਟ ਸਹਾਰਣ ਲਈ ਆਏ ਹੋ। ਇਹ ਸੰਸਾਰ ਸਾਡੇ ਸਭ ਲਈ ਦਿਨ-ਰਾਤ ਤਨਾਅ ਹੀ ਤਾਂ ਸਿਰਜਦੈ। ਸਾਹ ਲੈਣ ਲਈ ਜਦੋਂ ਵੀ ਅਸੀਂ ਇਸ ਨੂੰ ਨਾਕਾਰਦੇ ਹਾਂ ਤਾਂ ਅਸੀਂ ਕੁਦਰਤ ਦੇ ਨੇਮ ਦੀ ਅਵੱਗਿਆ ਕਰਦੇ ਹਾਂ! ਜੀ ਨਹੀਂ … ਅਜਿਹਾ ਕੁਝ ਵੀ ਨਹੀਂ! ਪਰ ਸਾਨੂੰ ਇਹ ਸੋਚਣ ਲਈ ਮੁਆਫ਼ ਕੀਤਾ ਜਾ ਸਕਦੈ ਕਿ ਸ਼ਾਇਦ ਇੰਝ ਹੀ ਹੋਵੇ। ਵੈਸੇ ਛੇਤੀ ਹੀ, ਤੁਹਾਡੇ ਕੋਲ ਘੱਟ ਸ਼ੰਕਾਵਾਦੀ ਸੋਚ ਰੱਖਣ ਦਾ ਇੱਕ ਚੰਗਾ ਕਾਰਨ ਹੋਵੇਗਾ।

ਜਦੋਂ ਤਬਦੀਲੀ ਦੀ ਹਨੇਰੀ ਵੱਗ ਰਹੀ ਹੋਵੇ ਤਾਂ ਕੀ ਤੁਸੀਂ ਆਉਣ ਵਾਲੀ ਮੁਸੀਬਤ ਲਈ ਤਿਆਰੀ ਕਰਦੇ ਹੋ ਅਤੇ ਕਿਸੇ
ਸੁਰੱਖਿਅਤ ਸਥਾਨ ਦੇ ਆਸਰੇ ਵਿੱਚ ਸ਼ਰਣ ਲੈ ਲੈਂਦੇ ਹੋ? ਜਾਂ ਤੁਸੀਂ ਖੰਭਾਂ ਦਾ ਇੱਕ ਜੋੜਾ ਪਹਿਨ ਕੇ ਇਹ ਉਮੀਦ ਕਰਦੇ ਹੋ ਕਿ ਇਹ ਤੁਹਾਨੂੰ ਉਡਾ ਕੇ ਕਿਸੇ ਬਿਹਤਰ ਸਥਾਨ ‘ਤੇ ਲੈ ਜਾਵੇਗੀ? ਇਹ ਨਿਰਭਰ ਕਰਦੈ, ਇਸ ਗੱਲ ‘ਤੇ ਕਿ ਤੁਸੀਂ ਕਿੰਨੇ ਖ਼ੁਸ਼ ਮਹਿਸੂਸ ਕਰ ਰਹੇ ਹੋ, ਜਾਂ ਤੁਸੀਂ ਕਿੰਨੇ ਕੁ ਡਰੇ ਹੋਏ ਹੋ। ਜੇਕਰ ਤੁਸੀਂ ਸੱਚਮੁੱਚ ਸੰਤੁਸ਼ਟ ਹੋਏ ਤਾਂ ਤੁਸੀਂ ਕਿਸੇ ਨਵੀਂ ਪ੍ਰਗਤੀ ਬਾਰੇ ਬਿਲਕੁਲ ਵੀ ਚਿੰਤਤ ਨਹੀਂ ਹੋਣ ਵਾਲੇ, ਅਤੇ ਤੁਸੀਂ ਇਸ ਸੋਚ ਵਿੱਚ ਪੂਰਾ ਵਿਸ਼ਵਾਸ ਰੱਖੋਗੇ ਕਿ ਇਸ ਕਿਰਪਾਲੂ ਕਾਇਨਾਤ ਦੇ ਦਿਲ ਦੇ ਧੁਰ ਅੰਦਰ ਤੁਹਾਡੇ ਹਿਤਾਂ ਦੀ ਰੱਖਵਾਲੀ ਵਸੀ ਹੋਈ ਹੈ। ਜੇਕਰ ਤੁਸੀਂ ਚਿੰਤਤ ਹੋਏ ਤਾਂ ਵਿਸ਼ਾ ਵਸਤੂ ਦੇ ਵਿਹਾਰਕਤਾ ਤੋਂ ਮਾੜਾ ਮੋਟਾ ਵੀ ਭਟਕਣ ‘ਤੇ ਆਸਮਾਨ ਸਿਰ ‘ਤੇ ਚੁੱਕ ਲਓਗੇ। ਛੋਟੇ ਮਸਲੇ ਪਹਾੜਾਂ ਸਮਾਨ ਲੱਗਣਗੇ। ਸੋ ਹਵਾਵਾਂ ਨਾਲ ਉਡਣ ਵਿੱਚ ਹੀ ਭਲਾਈ ਹੈ!

ਸੱਚ ਬਾਹਰ ਆਏਗਾ। ਨਿਰਸੰਦੇਹ, ਇਹ ਇੱਕ ਅਟੱਲ ਸੱਚਾਈ ਹੈ। ਇਹ ਅੰਤ ਵਿੱਚ ਬਾਹਰ ਆ ਕੇ ਹੀ ਰਹੇਗਾ, ਚਾਹੇ ਕੋਈ ਇਸ ਨੂੰ ਲੁਕਾਉਣ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਿਉਂ ਨਾ ਕਰੇ। ਪਰ ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਅੰਤ ਓਦੋਂ ਹੋਵੇ ਜਦੋਂ ਇਹ ਅੰਤ ਵਿੱਚ ਬਾਹਰ ਆਵੇ ਤਾਂ ਇਸ ਗੱਲ ਦੀ ਪੂਰੀ ਕੋਸ਼ਿਸ਼ ਕਰੋ ਕਿ ਇਸ ਨੂੰ ਸ਼ੁਰੂ ਵਿੱਚ ਹੀ ਬਾਹਰ ਲੈ ਆਂਦਾ ਜਾਵੇ। ਇਮਾਨਦਾਰ ਸੰਵਾਦ ਹੋਣਾ ਨਿਹਾਇਤ ਜ਼ਰੂਰੀ ਹੁੰਦੈ। ਪਰ ਜੇਕਰ ਸੱਚ ਨੂੰ ਨਾਪਸੰਦ ਕੀਤਾ ਜਾ ਰਿਹਾ ਹੋਵੇ ਜਾਂ ਉਸ ਪ੍ਰਤੀ ਪੱਖਪਾਤ ਹੋਵੇ ਤਾਂ ਫ਼ਿਰ ਤੁਸੀਂ ਅਜਿਹਾ ਕਿਵੇਂ ਕਰ ਸਕਦੇ ਹੋ? ਜੋ ਤੁਸੀਂ ਮਹਿਸੂਸ ਕਰਦੇ ਹੋ, ਉਸ ਨੂੰ ਇੱਕ ਪਾਸੇ ਰੱਖ ਦਿਓ – ਅਤੇ ਜੋ ਤੁਸੀਂ ਸੋਚਦੇ ਹੋ ਉਸ ਨੂੰ ਵੀ। ਇਸ ਸੋਚ ਲਈ ਆਪਣੇ ਦਿਲ ਅਤੇ ਦਿਮਾਗ਼ ਖੁਲ੍ਹੇ ਰੱਖੋ ਕਿ ਜੇਕਰ ਸਾਰੇ ਪੱਤੇ ਮੇਜ਼ ‘ਤੇ ਖੋਲ੍ਹ ਕੇ ਵੀ ਰੱਖ ਦਿੱਤੇ ਜਾਣ, ਸਭ ਕੁਝ ਠੀਕ ਹੋ ਸਕਦਾ ਹੈ, ਅਤੇ ਠੀਕ ਹੀ ਹੋਵੇਗਾ। ਕਿਸੇ ਮੁਸ਼ਕਿਲ ਸਥਿਤੀ ਨੂੰ ਸੌਖਾ ਬਣਾਉਣ ਲਈ ਤੁਹਾਨੂੰ ਮੁਕੰਮਲ ਰਜ਼ਾਮੰਦੀ ਦੀ ਲੋੜ ਨਹੀਂ। ਅੰਸ਼ਿਕ ਵੀ ਕਾਫ਼ੀ ਹੈ!

ਲੋਕ ਕਹਿੰਦੇ ਹਨ ਕਿ ਕੁਝ ਚੀਜ਼ਾਂ ਹੋਣੀਆਂ ਹੀ ਹੁੰਦੀਆਂ ਹਨ। ਅਤੇ ਦੂਸਰੀਆਂ? ਖ਼ੈਰ, ਜੇਕਰ ਤੁਹਾਡੇ ਕੋਲ ਬਿਤਾਉਣ ਨੂੰ ਕੁਝ ਕੁ ਸਦੀਆਂ ਹਨ ਤਾਂ ਅਸੀਂ ਇਸ ਗੱਲ ‘ਤੇ ਬਹਿਸ ਛੇੜ ਸਕਦੇ ਹਾਂ। ਪਰ ਮੈਨੂੰ ਸ਼ੱਕ ਹੈ ਕਿ ਉਸ ਸਾਰੇ ਸਮੇਂ ਨੂੰ ਵਰਤ ਕੇ ਵੀ ਅਸੀਂ ਕਿਸੇ ਅਜਿਹੇ ਨਤੀਜੇ ‘ਤੇ ਅੱਪੜ ਸਕਾਂਗੇ ਜਿਸ ਨੂੰ ਮੁਕੰਮਲ ਕਿਹਾ ਜਾ ਸਕਦਾ ਹੋਵੇ। ਇਹ ਹੈਰਾਨੀ ਵਾਲੀ ਗੱਲ ਹੈ ਨਾ, ਕਿ ਨਹੀਂ, ਕਿ ਕਿਵੇਂ – ਜਦੋਂ ਚੀਜ਼ਾਂ ਸਾਨੂੰ ਸਹੀ ਮਹਿਸੂਸ ਹੋ ਰਹੀਆਂ ਹੋਣ – ਅਸੀਂ ਉਨ੍ਹਾਂ ਬਾਰੇ ਸੋਚਣ ‘ਤੇ ਇੱਕ ਵੀ ਹੋਰ ਪਲ ਜ਼ਾਇਆ ਨਹੀਂ ਕਰਦੇ? ਅਸੀਂ ਆਪਣੀ ਬਚੀ ਹੋਈ ਬਾਕੀ ਦੀ ਸਾਰੀ ਜ਼ਿੰਦਗੀ ਇਹ ਸੋਚਣ ‘ਚ ਬਰਬਾਦ ਨਹੀਂ ਕਰਦੇ ਕਿ ਜੋ ਕੁਝ ਵੀ ਸਾਡੇ ਨਾਲ ਹੋਇਆ ਸ਼ਾਇਦ ਮਾੜਾ ਹੀ ਹੋਇਆ ਹੋਵੇ। ਭਾਵੇਂ ਉਨ੍ਹਾਂ ਦੇ ਸਿੱਟੇ ਕਿੰਨੇ ਵੀ ਜ਼ਿਆਦਾ ਤਕਲੀਫ਼ਦੇਹ ਕਿਉਂ ਨਾ ਹੋਣ, ਅਸੀਂ ਕਹਿੰਦੇ ਹਾਂ, ”ਜੇ ਅਜਿਹਾ ਹੋਇਆ ਹੈ ਤਾਂ ਇਸ ਪਿੱਛੇ ਜ਼ਰੂਰ ਕੋਈ ਨਾ ਕੋਈ ਕਾਰਨ ਹੋਵੇਗਾ” ਜਾਂ ”ਇਹ ਉਹ ਕੀਮਤ ਸੀ ਜਿਹੜੀ ਮੈਨੂੰ ਤਾਰਨੀ ਹੀ ਪੈਣੀ ਸੀ।” ਜ਼ਿੰਦਗੀ ਵਿੱਚ ਜੋ ਕੁਝ ਵੀ ਤੁਹਾਨੂੰ ਸਹੀ ਮਹਿਸੂਸ ਹੋ ਰਿਹੈ, ਉਹੀ ਠੀਕ ਹੈ। ਜੋ ਨਹੀਂ, ਉਹ ਨਹੀਂ!

ਜਿਹੜੇ ਖ਼ੂੰਖ਼ਾਰ ਜੰਗਲੀ ਜਾਨਵਰ ਇਸ ਵਕਤ ਤੁਹਾਨੂੰ ਘੇਰੀ ਬੈਠੇ ਨੇ ਉਹ ਕੋਈ ਕਾਗ਼ਜ਼ੀ ਸ਼ੇਰ ਨਹੀਂ। ਉਹ ਤਿੰਨ ਪਸਾਰੀ, ਭਾਵ 3-D ਹਨ। ਉਨ੍ਹਾਂ ਦੀ ਫ਼ਰ ਹੈ ਅਤੇ ਦੰਦ ਹਨ – ਅਤੇ ਉਹ ਦਹਾੜ ਸਕਦੇ ਹਨ। ਪਰ ਫ਼ਿਰ ਵੀ, ਉਹ ਜਿਊਂਦੇ ਨਹੀਂ। ਉਹ ਚਾਬੀ ਨਾਲ ਚੱਲਣ ਵਾਲੇ ਅਤੇ ਭੂਸੇ ਨਾਲ ਭਰੇ ਹੋਏ ਨਕਲੀ ਜਾਨਵਰ ਹਨ ਜਿਹੜੇ ਥੋੜ੍ਹੀ ਥੋੜ੍ਹੀ ਦੇਰ ਬਾਅਦ ਪਹਿਲਾਂ ਤੋਂ ਪ੍ਰੋਗਰਾਮ ਕੀਤੀਆਂ ਹੋਈਆਂ ਆਵਾਜ਼ਾਂ ਵਜਾ ਦਿੰਦੇ ਹਨ। ਜਿਹੜੀਆਂ ਰੋਕਾਂ ਤੁਹਾਡੇ ਸਾਹਮਣੇ ਖੜ੍ਹੀਆਂ ਹਨ, ਉਨ੍ਹਾਂ ਦੀ ਕਹਾਣੀ ਵੀ ਇਹੋ ਜਿਹੀ ਹੀ ਹੈ। ਉਹ ਕਾਫ਼ੀ ਠੋਸ ਹਨ, ਪਰ ਜੇਕਰ ਤੁਸੀਂ ਉਨ੍ਹਾਂ ਨੂੰ ਆਪਣੇ ਪੂਰੇ ਜ਼ੋਰ ਨਾਲ ਇੱਕ ਠੁੱਡਾ ਮਾਰੋਗੇ ਤਾਂ ਉਹ ਜ਼ਰੂਰ ਟੁੱਟ ਕੇ ਡਿਗ ਜਾਣਗੀਆਂ। ਸ਼ਿਸ਼ਟਾਚਾਰ ਅਤੇ ਪਰੰਪਰਾਵਾਂ ਦੀ ਇੱਜ਼ਤ ਕਰੋ ਪਰ ਕਿਸੇ ਵੀ ਚੀਜ਼ ਜਾਂ ਬੰਦੇ ਤੋਂ ਡਰੋ ਨਾ। ਘਟੋਘੱਟ ਭਾਵਨਾਤਮਕ ਪੱਖੋਂ, ਤੁਸੀਂ ਉਨ੍ਹਾਂ ਸਾਰੀਆਂ ਸ਼ਕਤੀਆਂ ਅਤੇ ਮਸਲਿਆਂ ਤੋਂ ਵੱਧ ਤਾਕਤਵਰ ਹੋ ਜਿਨ੍ਹਾਂ ਨਾਲ ਤੁਹਾਡਾ ਮੁਕਾਬਲਾ ਹੈ।