ਸਾਲ 2013 ‘ਚ ਫ਼ਿਲਮ ਬੈੱਸਟ ਔਫ਼ ਲੱਕ ਨਾਲ ਪੌਲੀਵੁਡ ਫ਼ਿਲਮ ਇੰਡਸਟਰੀ ‘ਚ ਐਂਟਰੀ ਕਰਨ ਵਾਲੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਨੇ ਬੀਤੇ ਦਿਨੀਂ ਆਪਣਾ 27ਵਾਂ ਜਨਮਦਿਨ ਮਨਾਇਆ। ਸੋਨਮ ਬਾਜਵਾ ਦਾ ਜਨਮ 16 ਅਗਸਤ 1992 ਨੂੰ ਨੈਨੀਤਾਲ ‘ਚ ਹੋਇਆ ਸੀ। ਦੱਸ ਦਈਏ ਕਿ ਸੋਨਮ ਦਾ ਅਸਲ ਨਾਂ ਸੋਨਮਪ੍ਰੀਤ ਕੌਰ ਬਾਜਵਾ ਹੈ। ਦਿੱਲੀ ਯੂਨੀਵਰਸਿਟੀ ਤੋਂ ਸੋਨਮ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਸੀ।
2012 ‘ਚ ਫ਼ੈਮਿਨਾ ਮਿਸ ਇੰਡੀਆ ਪ੍ਰਤੀਯੋਗਤਾ ‘ਚ ਲਿਆ ਸੀ ਹਿੱਸਾ
ਸੋਨਮ ਬਾਜਵਾ ਨੇ ਸਾਲ 2012 ‘ਚ ਫ਼ੈਮਿਨਾ ਮਿਸ ਇੰਡੀਆ ਪ੍ਰਤੀਯੋਗਤਾ ‘ਚ ਭਾਗ ਲਿਆ। ਉਸ ਤੋਂ ਬਾਅਦ ਸੋਨਮ ਨੇ ਇੱਕ ਏਅਰ ਹੋਸਟੈੱਸ ਦੇ ਤੌਰ ‘ਤੇ ਵੀ ਕੰਮ ਕੀਤਾ। ਉਸ ਤੋਂ ਬਾਅਦ ਸੋਨਮ ਐਕਟਿੰਗ ਦੇ ਖੇਤਰ ‘ਚ ਕਿਸਮਤ ਅਜ਼ਮਾਉਣ ਲਈ ਮੁੰਬਈ ਚਲੀ ਗਈ ਜਿੱਥੇ ਉਸ ਨੇ ਖ਼ੂਬਸੂਰਤੀ ਦੇ ਕਈ ਮੁਕਾਬਲਿਆਂ ‘ਚ ਭਾਗ ਲਿਆ।
ਪੰਜਾਬ 1984 ‘ਚ ਜੀਤੀ ਬਣ ਖੱਟੀ ਖ਼ੂਬ ਪ੍ਰਸਿੱਧੀ
ਸਾਲ 2014 ‘ਚ ਸੋਨਮ ਬਾਜਵਾ ਨੇ ਹਿੱਟ ਫ਼ਿਲਮ ਪੰਜਾਬ 1984 ‘ਚ ਜੀਤੀ ਨਾਂ ਦਾ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ ‘ਚ ਉਸ ਨਾਲ ਦਿਲਜੀਤ ਦੋਸਾਂਝ ਸੀ। ਸੋਨਮ ਵਲੋਂ ਨਿਭਾਏ ਗਏ ਕਿਰਦਾਰ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ। ਉਸ ਤੋਂ ਬਾਅਦ ਸੋਨਮ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਇੱਕ ਤੋਂ ਇੱਕ ਹਿੱਟ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ।
ਦੇ ਚੁੱਕੀ ਹੈ ਇਹ ਹਿੱਟ ਫ਼ਿਲਮਾਂ
ਪੰਜਾਬ 1984 ਤੋਂ ਇਲਾਵਾ ਮੰਜੇ ਬਿਸਤਰੇ, ਕੈਰੀ ਔਨ ਜੱਟਾ 2, ਸਰਦਾਰ ਜੀ 2, ਨਿੱਕਾ ਜ਼ੈਲਦਾਰ, ਨਿੱਕਾ ਜ਼ੈਲਦਾਰ 2, ਗੁੱਡੀਆਂ ਪਟੋਲੇ, ਮੁਕਲਾਵਾ ਅਤੇ ਸਿੰਘਮ ਵਰਗੀਆਂ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੀ ਹੈ।
ਗੁੱਡੀਆਂ ਪਟੋਲੇ ਅਤੇ ਮੁਕਲਾਵਾ ਨਾਲ ਜਿੱਤਿਆ ਲੋਕਾਂ ਦਾ ਦਿਲ
ਸੋਨਮ ਬਾਜਵਾ ਦੀਆਂ ਫ਼ਿਲਮਾਂ ਗੁੱਡੀਆਂ ਪਟੋਲੇ ਅਤੇ ਮੁਕਲਾਵਾ ਇਸੇ ਸਾਲ ਰਿਲੀਜ਼ ਹੋਈਆਂ ਸਨ। ਇਨ੍ਹਾਂ ਫ਼ਿਲਮਾਂ ‘ਚ ਉਸ ਦੀ ਅਦਾਕਾਰੀ ਨੂੰ ਬਹੁਤ ਹੀ ਪਸੰਦ ਕੀਤਾ ਗਿਆ। ਦੱਸ ਦਈਏ ਕਿ ਗੁੱਡੀਆਂ ਪਟੋਲੇ ਫ਼ਿਲਮ ‘ਚ ਸੋਨਮ ਗੁਰਨਾਮ ਭੁੱਲਰ ਨਾਲ ਨਜ਼ਰ ਆਈ ਸੀ ਜਦੋਂ ਕਿ ਮੁਕਲਾਵਾ ਫ਼ਿਲਮ ‘ਚ ਉਹ ਐਮੀ ਵਿਰਕ ਨਾਲ ਦਿਖਾਈ ਦਿੱਤੀ ਸੀ।
ਤਸਵੀਰਾਂ ਨੂੰ ਲੈ ਕੇ ਅਕਸਰ ਰਹਿੰਦੀ ਹੈ ਚਰਚਾ ‘ਚ
ਪੌਲੀਵੁਡ ਅਦਾਕਾਰਾ ਸੋਨਮ ਬਾਜਵਾ ਹਮੇਸ਼ਾ ਹੀ ਆਪਣੀਆਂ ਹੌਟ ਅਤੇ ਖ਼ੂਬਸੂਰਤ ਤਸਵੀਰਾਂ ਨੂੰ ਲੈ ਕੇ ਚਰਚਾ ‘ਚ ਛਾਈ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਖ਼ੂਬ ਵਾਇਰਲ ਹੁੰਦੀਆਂ ਹਨ ਜਿਨ੍ਹਾਂ ‘ਤੇ ਫ਼ੈਨਜ਼ ਵੀ ਤਰ੍ਹਾਂ-ਤਰ੍ਹਾਂ ਦੇ ਕੌਮੈਂਟਸ ਕਰਦੇ ਰਹਿੰਦੇ ਹਨ।