ਐਂਟੀਗੁਆ – 22 ਅਗਸਤ ਤੋਂ ਭਾਰਤ ਅਤੇ ਵੈੱਸਟ ਇੰਡੀਜ਼ ਵਿਚਾਲੇ ਟੈੱਸਟ ਸੀਰੀਜ਼ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਮੁਕਾਬਲੇ ਦੇ ਨਾਲ ਹੀ ਭਾਰਤ ਆਪਣੀ ਵਰਲਡ ਟੈੱਸਟ ਚੈਂਪੀਅਨਸ਼ਿਪ ਦਾ ਆਗ਼ਾਜ਼ ਕਰਨ ਜਾ ਰਿਹਾ ਹੈ। ਦੋ ਮੈਚਾਂ ਦੀ ਸੀਰੀਜ਼ ‘ਚ ਟੀਮ ਇੰਡੀਆ ਦੀ ਜਿੱਤ ‘ਤੇ ਪੱਕੀ ਮੋਹਰ ਲਗਾਈ ਜਾ ਰਹੀ ਹੈ। ਪਿਛਲੇ 17 ਸਾਲਾਂ ‘ਚ ਭਾਰਤ ਨੇ ਵੈੱਸਟ ਇੰਡੀਜ਼ ਨਾਲ ਮੁਕਾਬਲਿਆਂ ਵਿੱਚ ਇੱਕ ਵੀ ਟੈੱਸਟ ਸੀਰੀਜ਼ ਨਹੀਂ ਗੁਵਾਈ। ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਰਵਿੰਦਰ ਜਡੇਜਾ ਦੀ ਨਜ਼ਰ ਵੈੱਸਟ ਇੰਡੀਜ਼ ਖ਼ਿਲਾਫ਼ ਹੋਣ ਵਾਲੇ ਟੈੱਸਟ ਸੀਰੀਜ਼ ਦੌਰਾਨ ਇੱਕ ਅਹਿਮ ਰਿਕਾਰਡ ‘ਤੇ ਰਹੇਗੀ। ਟੈੱਸਟ ਕ੍ਰਿਕਟ ‘ਚ ਜਡੇਜਾ 200 ਵਿਕਟਾਂ ਹਾਸਿਲ ਕਰ ਕੇ ਇੱਕ ਨਵਾਂ ਇਤਿਹਾਸ ਰਚ ਸਕਦਾ ਹੈ।
ਕਮਾਲ ਕਰਨ ਤੋਂ ਅੱਠ ਵਿਕਟਾਂ ਦੂਰ ਜਡੇਜਾ
ਐਂਟੀਗੁਆ ‘ਚ ਖੇਡਿਆ ਜਾਣ ਵਾਲਾ ਪਹਿਲਾ ਟੈੱਸਟ ਮੈਚ ਜਡੇਜਾ ਦੇ ਕਰੀਅਰ ਦਾ 42ਵਾਂ ਮੁਕਾਬਲਾ ਹੋਵੇਗਾ। ਹੁਣ ਤਕ ਉਸ ਨੇ ਕੁੱਲ 192 ਟੈੱਸਟ ਵਿਕਟਾਂ ਹਾਸਿਲ ਕੀਤੀਆਂ ਹਨ। ਇਸ ਮੈਚ ‘ਚ ਜੇਕਰ ਉਹ ਅੱਠ ਹੋਰ ਵਿਕਟਾਂ ਲੈਣ ‘ਚ ਕਾਮਯਾਬ ਹੁੰਦੈ ਤਾਂ ਉਹ ਭਾਰਤ ਵਲੋਂ ਸਭ ਤੋਂ ਤੇਜ਼ 200 ਟੈੱਸਟ ਵਿਕਟਾਂ ਲੈਣ ਵਾਲਾ ਦੂਜਾ ਗੇਂਦਬਾਜ਼ ਬਣ ਜਾਣਗੇ। ਜਡੇਜਾ ਅਜਿਹਾ ਕਰਨ ਵਾਲਾ ਭਾਰਤ ਦਾ 10ਵਾਂ ਗੇਂਦਬਾਜ਼ ਵੀ ਬਣ ਜਾਵੇਗਾ। ਸਭ ਤੋਂ ਤੇਜ਼ 200 ਵਿਕਟਾਂ ਹਾਸਿਲ ਕਰਨ ਵਾਲੇ ਭਾਰਤੀ ਗੇਂਦਬਾਜ਼ਾਂ ਦੀ ਲਿਸਟ ‘ਚ ਆਰ. ਅਸ਼ਵਿਨ ਸਭ ਤੋਂ ਅੱਗੇ ਹੈ।
ਅੰਤਰਰਾਸ਼ਟਰੀ ਕ੍ਰਿਕਟ ‘ਚ ਪੂਰੀਆਂ ਕੀਤੀਆਂ 400 ਵਿਕਟਾਂ
ਖੱਬੇ ਹੱਥ ਦੇ ਸਪਿਨਰ ਜਡੇਜਾ ਦਾ ਅੰਤਰਰਾਸ਼ਟਰੀ ਕ੍ਰਿਕਟ ‘ਚ ਵੀ ਪ੍ਰਦਰਸ਼ਨ ਚੰਗਾ ਰਿਹਾ ਹੈ। ਹਾਲ ਹੀ ‘ਚ ਉਹ ਇੰਟਰਨੈਸ਼ਨਲ ਕ੍ਰਿਕਟ ‘ਚ ਭਾਰਤ ਵਲੋਂ ਸਭ ਤੋਂ ਜ਼ਿਆਦਾ ਵਿਕੇਟਾਂ ਲੈਣ ਵਾਲਾ ਖੱਬੇ ਹੱਥ ਦਾ ਸਪਿਨਰ ਬਣਿਆ ਹੈ। ਜਡੇਜਾ ਨੇ ਹੁਣ ਅੰਤਰਰਾਸ਼ਟਰੀ ਕ੍ਰਿਕਟ ਦੇ ਤਿਨੋਂ ਫ਼ੌਰਮੈਟਾਂ ‘ਚ ਕੁੱਲ ਮਿਲਾ ਕੇ 400 ਵਿਕਟਾਂ ਦਾ ਰਿਕਾਰਡ ਆਪਣੇ ਨਾਂ ਦਰਜ ਕੀਤਾ ਹੈ। ਜਡੇਜਾ ਨੇ ਇਹ ਮੁਕਾਮ ਵੈੱਸਟ ਇੰਡੀਜ਼ ਖ਼ਿਲਾਫ਼ T-20 ਮੈਚ ‘ਚ ਇੱਕ ਵਿਕਟ ਲੈਣ ਤੋਂ ਬਾਅਦ ਹਾਸਿਲ ਕੀਤਾ।
ਭਾਰਤ ਕੋਲ ਕਲੀਨ ਸਵੀਪ ਕਰਨ ਦਾ ਮੌਕਾ
ਭਾਰਤ ਨੇ ਇਸ ਦੌਰੇ ‘ਤੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ T-20 ਅਤੇ ਵਨ-ਡੇ ਸੀਰੀਜ਼ ਆਪਣੇ ਨਾਂ ਕੀਤੀਆਂ ਹਨ। T-20 ‘ਚ ਭਾਰਤ ਨੇ 3-0 ਨਾਲ ਜਿੱਤ ਹਾਸਿਲ ਕੀਤੀ ਸੀ ਜਦ ਕਿ ਵਨ-ਡੇ ‘ਚ ਪਹਿਲਾ ਮੈਚ ਮੀਂਹ ਦੀ ਭੇਂਟ ਚੜ੍ਹਨ ਤੋਂ ਬਾਅਦ ਲਗਾਤਾਰ ਬਾਕੀ ਦੋ ਮੈਚ ਜਿੱਤੇ ਸਨ।