ਬੌਲੀਵੁਡ ਫ਼ਿਲਮਾਂ ‘ਚ ਗਾਇਕੀ ‘ਚ ਉੱਚਾ ਨਾਂ ਕਮਾ ਚੁੱਕੇ ਪੌਪ ਸਿੰਗਰ ਮੀਕਾ ਸਿੰਘ ਦੇ ਪਾਕਿ ਪ੍ਰੇਮ ਨੇ ਉਸ ਦੇ ਕਰੀਅਰ ਨੂੰ ਜ਼ਬਰਦਸਤ ਝਟਕਾ ਦਿੱਤਾ ਹੈ। ਭਾਰਤ ਦੀਆਂ ਖ਼ੁਫ਼ੀਆ ਏਜੰਸੀਆਂ ਇਹ ਤੱਥ ਵਿਚਾਰ ਰਹੀਆਂ ਹਨ ਕਿ ਜਿਥੇ ਮੀਕਾ ਸਿੰਘ ਨੇ ਪਾਕਿਸਤਾਨ ‘ਚ ਇੱਕ ਖ਼ਾਲਿਸਤਾਨੀ ਸਮਰਥਕ ਨਾਲ ਫ਼ੋਟੋਆਂ ਖਿਚਵਾਈਆਂ ਉਥੇ ਪਾਕਿਸਤਾਨ ਤੋਂ 15 ਅਗਸਤ ਨੂੰ ਆਉਂਦੇ ਸਮੇਂ ਅਟਾਰੀ ਬੌਰਡਰ ‘ਤੇ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਨਾਅਰੇ ਵੀ ਲਗਾਏ। ਅਜਿਹੇ ‘ਚ ਸੀਮਾ ਦੇ ਦੋਹੀਂ ਪਾਸੀਂ ਮੀਕਾ ਸਿੰਘ ਦੇ ਵੱਖੋ-ਵੱਖਰੇ ਸਟੈਂਡਾਂ ‘ਤੇ ਖ਼ੁਫ਼ੀਆ ਵਿਭਾਗ ਨੇ ਵੀ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੀਕਾ ਸਿੰਘ ਦਾ ਪਾਕਿਸਤਾਨ ਕੋਨੈਕਸ਼ਨ ਵਾਇਆ ਕੈਨੇਡਾ-ਦੁਬਈ ‘ਤੇ ਵੀ ਖ਼ੁਫ਼ੀਆ ਵਿਭਾਗ ਦੀਆਂ ਨਜ਼ਰਾਂ ਟਿਕ ਗਈਆਂ ਹਨ।
ਮੀਕਾ ਸਿੰਘ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਦੀ ਭਤੀਜੀ ਦੇ ਵਿਆਹ ‘ਤੇ ਕਰਾਚੀ ‘ਚ ਆਪਣੇ 14 ਸਾਥੀਆਂ ਨਾਲ ਪ੍ਰੋਗਰਾਮ ਕਰਨ ਅਜਿਹੇ ਸਮੇਂ ਗਿਆ ਸੀ ਜਦੋਂ ਉਥੋਂ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਜੰਮੂ-ਕਸ਼ਮੀਰ ‘ਚ ਧਾਰਾ 370 ਨੂੰ ਹਟਾਉਣ ਤੋਂ ਬਾਅਦ ਲੜਾਈ ਦੀਆਂ ਧਮਕੀਆਂ ਦੇ ਰਹੇ ਸਨ। ਇਹੀ ਨਹੀਂ, ਮੀਕਾ ਸਿੰਘ ਦੀ ਪਾਕਿਸਤਾਨ ‘ਚ ਖ਼ਾਲਿਸਤਾਨੀ ਸਮਰਥੱਕ ਅਤੇ ਭਾਰਤ ਸਰਕਾਰ ਦੀਆਂ ਅੱਖਾਂ ‘ਚ ਨਿਰੰਤਰ ਰੜਕਦੇ ਗੋਪਾਲ ਚਾਵਲਾ ਨਾਲ ਵਾਇਰਲ ਹੋਈ ਫ਼ੋਟੋ ਤੋਂ ਬਾਅਦ ਖ਼ੁਫ਼ੀਆ ਵਿਭਾਗ ਨੇ ਵੀ ਮੀਕਾ ਸਿੰਘ ‘ਤੇ ਆਪਣੀਆਂ ਨਜ਼ਰਾਂ ਟਿਕਾ ਦਿੱਤੀਆਂ ਹਨ। ਗੋਪਾਲ ਚਾਵਲਾ ਨੇ ਮੀਕਾ ਸਿੰਘ ਦੀ ਫ਼ੋਟੋ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਕੇ ਮੀਕਾ ਸਿੰਘ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਖ਼ੁਫ਼ੀਆ ਵਿਭਾਗ ਦੀ ਮੰਨੀਏ ਤਾਂ ਗੋਪਾਲ ਚਾਵਲਾ ਨਾਲ ਮੀਕਾ ਸਿੰਘ ਦੀ ਫ਼ੋਟੋ ਟਰੋਲ ਹੋਣ ਤੋਂ ਬਾਅਦ ਹਰ ਕੋਨੇ ਤੋਂ ਖ਼ੁਫ਼ੀਆ ਵਿਭਾਗ ਜਾਂਚ ‘ਚ ਲੱਗ ਗਿਆ ਹੈ।
ਦੇਸ਼ ‘ਚ ਕਿਤੇ ਵੀ ਨਹੀਂ ਹੋਣ ਦੇਵਾਂਗੇ ਮੀਕਾ ਸਿੰਘ ਦਾ ਸ਼ੋਅ: ਸੂਰੀ
ਮੀਕਾ ਸਿੰਘ ਗਾਇਕੀ ਦੇ ਨਾਲ ਨਾਲ ਆਪਣੀ ਹਰਕਤਾਂ ਕਾਰਨ ਵੀ ਚਰਚਾਵਾਂ ‘ਚ ਰਹਿੰਦਾ ਆਇਆ ਹੈ, ਪਰ ਜਿਸ ਤਰ੍ਹਾਂ ਭਾਰਤ-ਪਾਕਿਸਤਾਨ ‘ਚ ਬਣਦੇ-ਵਿਗੜਦੇ ਮਾਹੌਲ ‘ਚ ਉਸ ਨੇ ਕਰਾਚੀ ‘ਚ ਜਾ ਕੇ ਮਹਿਫ਼ਲ ਜਮਾਈ ਉਸ ਤੋਂ ਬਹੁਤੇ ਭਾਰਤੀ ਨਾਰਾਜ਼ ਹੋ ਗਏ ਹਨ। ਸ਼ਿਵ ਸੈਨਾ ਟਕਸਾਲੀ ਦੇ ਰਾਸ਼ਟਰੀ ਪ੍ਰਧਾਨ ਸੁਧੀਰ ਕੁਮਾਰ ਸੂਰੀ ਨੇ ਮੀਕਾ ਸਿੰਘ ਨੂੰ ਚਿਤਾਵਨੀ ਦਿੱਤੀ ਹੈ ਕਿ ਉਸ ਵਿੱਚ ਹਿੰਮਤ ਹੈ ਤਾਂ ਪੰਜਾਬ ‘ਚ ਕੋਈ ਪ੍ਰੋਗਰਾਮ ਕਰ ਕੇ ਦਿਖਾਏ। ਸੂਰੀ ਨੇ ਕਿਹਾ, ”ਮੀਕਾ ਸਿੰਘ ਦਾ ਦੇਸ਼ ‘ਚ ਜਿਥੇ ਵੀ ਸ਼ੋਅ ਹੋਵੇਗਾ ਉਥੇ ਸ਼ਿਵ ਸੈਨਾ ਟਕਸਾਲੀ ਉਸ ਦੇ ਵਿਰੋਧ ‘ਚ ਸੜਕਾਂ ‘ਤੇ ਉਤਰੇਗੀ ਅਤੇ ਉਸ ਦਾ ਵੀ ਕੋਈ ਸ਼ੋਅ ਨਹੀਂ ਹੋਣ ਦਿੱਤਾ ਜਾਵੇਗਾ।”