ਸਤਨਾ— ਮੱਧ ਪ੍ਰਦੇਸ਼ ‘ਚ ਏ.ਟੀ.ਐੱਸ. (ਅੱਤਵਾਦ ਵਿਰੋਧੀ ਦਸਤੇ) ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਨਾਲ ਜੁੜੇ ਇਕ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਜਾਣਕਾਰੀ ਅਨੁਸਾਰ ਇੱਥੇ ਸਤਨਾ ਤੋਂ ਏ.ਟੀ.ਐੱਸ. ਨੇ ਟੈਰਰ ਫੰਡਿੰਗ ਮਾਮਲੇ ‘ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਤੋਂ ਬਾਅਦ ਇਨ੍ਹਾਂ ਦੋਸ਼ੀਆਂ ਦੇ ਮੋਬਾਇਲ ‘ਚ ਕਰੀਬ 13 ਪਾਕਿਸਤਾਨੀ ਨੰਬਰ ਮਿਲੇ ਹਨ। ਫਿਲਹਾਲ ਏ.ਟੀ.ਐੱਸ. ਇਨ੍ਹਾਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਸਥਾਨਕ ਮੀਡੀਆ ਰਿਪੋਰਟਸ ਅਨੁਸਾਰ ਇਹ ਦੋਸ਼ੀ ਪਾਕਿਸਤਾਨੀ ਖੁਫੀਆ ਏਜੰਸੀ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਸਨ। ਇਨ੍ਹਾਂ ਦਾ ਕੰਮ ਟੈਰਰ ਫੰਡਿੰਗ ਕਰਨਾ ਸੀ। ਇਹ ਇੱਥੇ ਆਪਣੇ ਨੈੱਟਵਰਕ ਨੂੰ ਹੋਰ ਮਜ਼ਬੂਤ ਬਣਾਉਣ ‘ਚ ਵੀ ਜੁਟੇ ਸਨ। ਹਾਲਾਂਕਿ ਅਧਿਕਾਰਤ ਰੂਪ ਨਾਲ ਇਨ੍ਹਾਂ ਗੱਲਾਂ ਦੀ ਕੋਈ ਪੁਸ਼ਟੀ ਨਹੀਂ ਹੈ, ਕਿਉਂਕਿ ਹਾਲੇ ਮਾਮਲੇ ਦੀ ਜਾਂਚ ਜਾਰੀ ਹੈ।
ਜ਼ਿਕਰਯੋਗ ਹੈ ਕਿ ਟੈਰਰ ਫੰਡਿੰਗ ਦੇ ਮਾਮਲੇ ਨੂੰ ਲੈ ਕੇ ਪਿਛਲੇ ਦਿਨੀਂ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਦੇਸ਼ ਦੇ ਕਈ ਹਿੱਸਿਆਂ ‘ਚ ਛਾਪੇਮਾਰੀ ਕੀਤੀ ਸੀ। ਖਾਸ ਕਰ ਕੇ ਜੰਮੂ-ਕਸ਼ਮੀਰ ‘ਚ ਐੱਨ.ਆਈ.ਏ. ਨੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਹਵਾਲਾ ਨੈੱਟਵਰਕ ਅਤੇ ਪਾਕਿਸਤਾਨ ਤੋਂ ਟੈਰਰ ਫੰਡਿੰਗ ਦੀ ਸਾਜਿਸ਼ ‘ਚ ਸ਼ਾਮਲ ਹੋਣ ਦੇ ਸ਼ੱਕ ‘ਚ ਐੱਨ.ਆਈ.ਏ. ਨੇ ਇਹ ਛਾਪੇਮਾਰੀ ਕੀਤੀ ਸੀ।
ਪਿਛਲੇ ਦਿਨੀਂ ਜੰਮੂ-ਕਸ਼ਮੀਰ ‘ਚ ਐੱਨ.ਆਈ.ਏ. ਨੇ ਜਮਾਤ-ਉਦ-ਦਾਵਾ, ਦੁਖਤਾਰਨ-ਏ-ਮਿੱਲਤ, ਲਸ਼ਕਰ-ਏ-ਤੋਇਬਾ, ਹਿਜ਼ੁਬਲ ਮੁਜਾਹੀਦੀਨ ਅਤੇ ਜੰਮੂ-ਕਸ਼ਮੀਰ ਦੇ ਦੂਜੇ ਵੱਖਵਾਦੀ ਸਮੂਹਾਂ ਵਿਰੁੱਧ ਫੰਡ ਜੁਟਾਉਣ ਨੂੰ ਲੈ ਕੇ 20 ਮਈ 2017 ਨੂੰ ਇਕ ਮਾਮਲਾ ਦਰਜ ਕੀਤਾ ਸੀ। ਐੱਨ.ਆਈ.ਏ. ਨੇ 13 ਦੋਸ਼ੀਆਂ ‘ਤੇ ਇਸ ਸੰਦਰਭ ‘ਚ ਦੋਸ਼ ਪੱਤਰ ਦਾਖਲ ਕੀਤਾ ਸੀ। ਇਸ ‘ਚ ਵੱਖਵਾਦੀ ਨੇਤਾ, ਹਵਾਲਾ ਕਾਰੋਬਾਰੀ ਅਤੇ ਪੱਥਰਬਾਜ਼ ਸ਼ਾਮਲ ਹਨ।