ਮੁੰਬਈ – ਮੌਜੂਦਾ ਕੋਚ ਰਵੀ ਸ਼ਾਸਤਰੀ ਨੂੰ ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ ਨੇ ਮੁੜ ਤੋਂ ਭਾਰਤੀ ਟੀਮ ਦਾ ਮੁੱਖ ਕੋਚ ਨਿਯੁਕਤ ਕਰ ਦਿੱਤਾ ਹੈ। ਕਪਤਾਨ ਵਿਰਾਟ ਕੋਹਲੀ ਦੇ ਸਮੱਰਥਨ ਮਗਰੋਂ ਇਹ ਫ਼ੈਸਲਾ ਤੈਅ ਮੰਨਿਆ ਜਾ ਰਿਹਾ ਸੀ। ਉਸ ਦਾ ਦੋ ਸਾਲ ਦਾ ਕਾਰਜਕਾਲ ਭਾਰਤ ਵਿੱਚ 2021 ਵਿੱਚ ਹੋਣ ਵਾਲੇ T-20 ਵਿਸ਼ਵ ਕੱਪ ਤਕ ਹੋਵੇਗਾ। ਸ਼ਾਸਤਰੀ ਦਾ ਭਾਰਤੀ ਕ੍ਰਿਕਟ ਟੀਮ ਨਾਲ ਇਹ ਚੌਥਾ ਕਾਰਜਕਾਲ ਹੋਵੇਗਾ। ਉਹ ਬੰਗਲਾਦੇਸ਼ ਦੇ 2007 ਦੇ ਦੌਰੇ ਸਮੇਂ ਕੁੱਝ ਸਮੇਂ ਲਈ ਕੋਚ ਬਣਿਆ ਸੀ। ਇਸ ਮਗਰੋਂ ਉਹ 2014 ਤੋਂ 2016 ਤਕ ਟੀਮ ਨਿਰਦੇਸ਼ਕ ਅਤੇ 2017 ਤੋਂ 2019 ਤਕ ਮੁੱਖ ਕੋਚ ਰਿਹਾ।
ਸ਼ਾਸਤਰੀ ਨੇ ਕੋਚ ਦੇ ਅਹੁਦੇ ਦੀ ਦੌੜ ਵਿੱਚ ਭਾਰਤੀ ਟੀਮ ਦੇ ਆਪਣੇ ਸਾਥੀ ਰੌਬਿਨ ਸਿੰਘ ਅਤੇ ਲਾਲਚੰਦ ਰਾਜਪੂਤ ਤੋਂ ਇਲਾਵਾ ਨਿਊ ਜ਼ੀਲੈਂਡ ਦੇ ਸਾਬਕਾ ਕੋਚ ਮਾਈਕ ਹੈਸਨ ਅਤੇ ਆਸਟਰੇਲੀਆ ਦੇ ਟੌਮ ਮੂਡੀ ਨੂੰ ਪਛਾੜ ਦਿੱਤਾ। ਵੈੱਸਟ ਇੰਡੀਜ਼ ਅਤੇ ਅਫ਼ਗ਼ਾਨਿਸਤਾਨ ਦਾ ਸਾਬਕਾ ਕੋਚ ਫ਼ਿੱਲ ਸਮਿਨਜ਼ ਨਿੱਜੀ ਕਾਰਨਾਂ ਕਰ ਕੇ ਕੋਚ ਦੇ ਅਹੁਦੇ ਦੀ ਦੌੜ ‘ਚੋਂ ਹਟ ਗਿਆ ਸੀ।
ਕਪਿਲ ਦੇਵ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਫ਼ੈਸਲਾ ਸੁਣਾਉਂਦਿਆਂ ਕਿਹਾ, ”ਨੰਬਰ ਤਿੰਨ ਟੌਮ ਮੂਡੀ ਸੀ ਅਤੇ ਨੰਬਰ ਦੋ ਮਾਈਕ ਹੈਸਨ। ਤੁਸੀਂ ਜਿਵੇਂ ਉਮੀਦ ਕੀਤੀ ਸੀ ਰਵੀ ਸ਼ਾਸਤਰੀ ਪਹਿਲੇ ਨੰਬਰ ‘ਤੇ ਰਿਹਾ, ਪਰ ਇਹ ਕਾਫ਼ੀ ਕਰੀਬੀ ਮੁਕਾਬਲਾ ਸੀ।” ਕੋਹਲੀ ਨੇ ਵੈੱਸਟ ਇੰਡੀਜ਼ ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਕੋਚ ਦੇ ਅਹੁਦੇ ਲਈ ਸ਼ਾਸਤਰੀ ਦੇ ਨਾਮ ਦਾ ਸਮੱਰਥਨ ਕੀਤਾ ਸੀ ਜਿਸ ਮਗਰੋਂ ਇਹ ਤੈਅ ਮੰਨਿਆ ਜਾ ਰਿਹਾ ਸੀ ਕਿ ਇਹ ਸਾਬਕਾ ਭਾਰਤੀ ਕੋਚ ਹੀ ਇਸ ਅਹੁਦੇ ‘ਤੇ ਬਰਕਰਾਰ ਰਹੇਗਾ। ਸਾਰੇ ਉਮੀਦਵਾਰਾਂ ਵਿੱਚ ਸ਼ਾਸਤਰੀ ਦਾ ਰਿਕਾਰਡ ਸ਼ਾਨਦਾਰ ਸੀ। ਉਸ ਦੇ ਕੋਚ ਰਹਿੰਦਿਆਂ ਭਾਰਤੀ ਟੀਮ ਟੈੱਸਟ ਦਰਜਾਬੰਦੀ ਵਿੱਚ ਪਹਿਲੇ ਸਥਾਨ ‘ਤੇ ਪਹੁੰਚੀ, ਅਤੇ ਉਸ ਨੇ 71 ਸਾਲਾਂ ਵਿੱਚ ਪਹਿਲੀ ਵਾਰ ਆਸਟਰੇਲੀਆ ਨੂੰ ਉਸੇ ਦੀ ਧਰਤੀ ‘ਤੇ ਹਰਾਇਆ। ਉਸ ਦੀ ਅਗਵਾਈ ਵਿੱਚ ਹਾਲਾਂਕਿ ਭਾਰਤ ICC ਟੂਰਨਾਮੈਂਟ ਨਹੀਂ ਜਿੱਤ ਸਕਿਆ ਅਤੇ ਉਸ ਨੂੰ 2015 ਅਤੇ 2019 ਦੇ ਵਿਸ਼ਵ ਕੱਪ ਦੌਰਾਨ ਨਮੋਸ਼ੀ ਝੱਲਣੀ ਪਈ। ਕਪਿਲ ਦੇਵ ਦੀ ਅਗਵਾਈ ਵਾਲੀ ਕਮੇਟੀ ਨੂੰ ਹਾਲਾਂਕਿ ਇਹ ਵੱਡਾ ਕਾਰਨ ਨਹੀਂ ਜਾਪਿਆ। ਕਮੇਟੀ ਵਿੱਚ ਸ਼ਾਂਤਾ ਰੰਗਾਸਵਾਮੀ ਅਤੇ ਅੰਸ਼ੂਮਨ ਗਾਇਕਵਾੜ ਵੀ ਸ਼ਾਮਿਲ ਸਨ। ਜੁਲਾਈ 2017 ਵਿੱਚ ਕੋਚ ਦਾ ਅਹੁਦਾ ਸੰਭਾਲਣ ਮਗਰੋਂ ਭਾਰਤ ਨੇ 21 ਟੈੱਸਟ ਮੈਚਾਂ ਵਿੱਚੋਂ 11 ਵਿੱਚ ਜਿੱਤ ਦਰਜ ਕੀਤੀ। ਉਸ ਨੇ 60 ਇੱਕ ਰੋਜ਼ਾ ਵਿੱਚੋਂ 43 ਮੈਚ ਆਪਣੇ ਨਾਮ ਕੀਤੇ ਅਤੇ 36 T-20 ਕੌਮਾਂਤਰੀ ਮੈਚਾਂ ਵਿੱਚੋਂ 25 ਵਿੱਚ ਜਿੱਤ ਹਾਸਿਲ ਕੀਤੀ।