ਪਹਿਲੇ ਟੈੱਸਟ ਅਭਿਆਸ ਮੈਚ ‘ਚ ਫ਼ੇਲ੍ਹ ਹੋ ਕੇ ਇੱਕ ਵਾਰ ਫ਼ਿਰ ਤੋਂ ਰਿਸ਼ਭ ਪੰਤ ਨੇ ਟੀਮ ਇੰਡੀਆ ਦੀ ਮੈਨੇਜਮੈਂਟ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਅਭਿਆਸ ਮੈਚ ਦੀ ਪਹਿਲੀ ਪਾਰੀ ‘ਚ ਕੇਵਲ 33 ਦੌੜਾਂ ਬਣਾਉਣ ਵਾਲੇ ਪੰਤ ਨੇ ਦੂਜੀ ਪਾਰੀ ‘ਚ ਵਧੀਆ ਸ਼ੁਰੂਆਤ ਮਿਲਣ ‘ਤੇ ਵੀ 19 ਦੌੜਾਂ ਹੀ ਬਣਾਈਆਂ। ਪੰਤ ਦੇ ਇਸ ਪ੍ਰਦਰਸ਼ਨ ਕਾਰਨ ਉਸ ਦਾ ਪਹਿਲੇ ਟੈੱਸਟ ‘ਚ ਖੇਡਣਾ ਸ਼ੱਕੀ ਹੋ ਗਿਆ ਹੈ। ਪੰਤ ਦੀ ਜਗ੍ਹਾ ‘ਤੇ ਹਨੁਮਾਨ ਵਿਹਾਰੀ ਅਤੇ ਅਜਿੰਕਯਾ ਰਹਾਣੇ ਨੇ ਆਪਣੀ ਦਾਅਵੇਦਾਰੀ ਪੱਕੀ ਕਰ ਲਈ ਹੈ।
ਅਜਿੰਕਿਆ ਰਹਾਣੇ (54) ਅਤੇ ਹਨੁਮਾਨ ਵਿਹਾਰੀ (64) ਨੇ ਅਰਧ ਸੈਂਕੜੇ ਦੀਆਂ ਪਾਰੀਆਂ ਨਾਲ ਭਾਰਤ ਨੇ ਵੈੱਸਟ ਇੰਡੀਜ਼ A ਖ਼ਿਲਾਫ਼ ਤਿੰਨ ਦਿਨਾਂ ਦੇ ਅਭਿਆਸ ਮੈਚ ਦੇ ਆਖ਼ਰੀ ਦਿਨ ਦੀ ਦੂਜੀ ਪਾਰੀ ‘ਚ ਲੰਚ ਤਕ ਪੰਜ ਵਿਕਟਾਂ ‘ਤੇ 174 ਦੌੜਾਂ ਬਣਾ ਲਈਆਂ ਸਨ। ਭਾਰਤੀ ਟੀਮ ਦੀ ਕੁੱਲ ਬੜ੍ਹਤ 279 ਦੌੜਾਂ ਦੀ ਹੋ ਗਈ ਸੀ। ਲੰਬੇ ਸਮੇਂ ਤੋਂ ਲੈਅ ਪਾਉਣ ਦੀ ਕੋਸ਼ਿਸ਼ ਕਰ ਰਹੇ ਰਹਾਣੇ ਨੇ ਇਸ ਮੈਚ ‘ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ 162 ਗੇਂਦਾਂ ‘ਚ 54 ਦੌੜਾਂ ਬਣਾਈਆਂ। ਉਹ ਇਸ ਮੈਚ ‘ਚ ਕਪਤਾਨ ਦੀ ਭੂਮਿਕਾ ਨਿਭਾ ਰਿਹਾ ਸੀ। ਭਾਰਤ ਨੇ ਦਿਨ ਦੀ ਸ਼ੁਰੂਆਤ ਇੱਕ ਵਿਕਟ ‘ਤੇ 84 ਨਾਲ ਕੀਤੀ ਸੀ। ਵਿਹਾਰੀ ਨੇ 48 ਅਤੇ ਰਹਾਣੇ ਨੇ 20 ਦੌੜਾਂ ਤੋਂ ਅੱਗੇ ਖੇਡਦੇ ਹੋਏ ਆਪੋ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਦੋਹਾਂ ਨੇ ਦੂਜੀ ਵਿਕਟ ਲਈ 125 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ।
ਵਿਹਾਰੀ ਨੇ ਇਸ ਮੈਚ ‘ਚ 125 ਗੇਂਦਾਂ ਦੀ ਆਪਣੀ ਪਾਰੀ ‘ਚ ਨੌਂ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ ਕੀਮਤੀ 64 ਦੌੜਾਂ ਬਣਾਈਆਂ। ਰਹਾਣੇ ਨੇ ਉਸ ਤੋਂ ਬਾਅਦ ਰਿਸ਼ਭ ਪੰਤ ਨਾਲ ਤੀਜੀ ਵਿਕਟ ਲਈ 29 ਦੌੜਾਂ ਦੀ ਸਾਂਝੇਦਾਰੀ ਕੀਤੀ, ਅਤੇ ਪੰਤ ਮਹਿਜ਼ 19 ਦੌੜਾਂ ਬਣਾ ਕੇ ਰਨ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਦੂਜੇ ਦਿਨ ਦੀ ਖੇਡ ਰਹਾਣੇ ਅਤੇ ਵਿਹਾਰੀ ਦੇ ਨਾਂ ਰਹੀ, ਅਤੇ ਉਨ੍ਹਾਂ ਦੋਹਾਂ ਨੇ ਭਾਰਤ ਦੇ ਪਹਿਲੇ ਟੈੱਸਟ ਮੈਚ ਲਈ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਪੰਤ ਦੇ ਇਸ ਖ਼ਰਾਬ ਪ੍ਰਦਰਸ਼ਨ ਨੂੰ ਦੇਖ ਕੇ ਪਹਿਲੇ ਟੈੱਸਟ ਲਈ ਸ਼ਾਇਦ ਹੀ ਉਸ ਨੂੰ ਟੀਮ ‘ਚ ਸ਼ਾਮਿਲ ਕੀਤਾ ਜਾਵੇ।