ਨਵੀਂ ਦਿੱਲੀ – ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਲੋਕਪਾਲ ਡੀ. ਕੇ. ਜੈਨ ਨੇ ਹੁਕਮ ਦਿੱਤਾ ਹੈ ਕਿ ਸਪੌਟ ਫ਼ਿਕਸਿੰਗ ਮਾਮਲੇ ‘ਚ ਫ਼ਸੇ ਤੇਜ਼ ਗੇਂਦਬਾਜ਼ ਐੱਸ. ਸ਼੍ਰੀਸੰਥ ਦਾ ਬੈਨ ਅਗਲੇ ਸਾਲ ਅਗਸਤ ‘ਚ ਖ਼ਤਮ ਹੋ ਜਾਵੇਗਾ, ਪਰ ਉਹ ਪਿੱਛਲੇ ਛੇ ਸਾਲ ਤੋਂ ਚੱਲੇ ਆ ਰਹੇ ਬੈਨ ਕਾਰਨ ਆਪਣਾ ਸਰਵਸ੍ਰੇਸ਼ਠ ਦੌਰ ਪਹਿਲਾਂ ਹੀ ਗੁਆ ਚੁੱਕੈ। BCCI ਨੇ ਸ਼੍ਰੀਸੰਥ ‘ਤੇ ਅਗਸਤ 2013 ‘ਚ ਉਮਰ ਭਰ ਕ੍ਰਿਕਟ ਖੇਡਣ ‘ਤੇ ਬੈਨ ਲਗਾਇਆ ਸੀ। ਉਸ ਤੋਂ ਇਲਾਵਾ IPL ‘ਚ ਸਪੌਟ ਫ਼ਿਕਸਿੰਗ ਕਰਨ ਵਾਲੇ ਰਾਜਸਥਾਨ ਰੌਇਲਜ਼ ਦੇ ਅਜੀਤ ਚੰਦੀਲਾ ਅਤੇ ਅੰਕਿਤ ਚਵਹਾਣ ‘ਤੇ ਵੀ ਬੈਨ ਲਗਾਇਆ ਗਿਆ ਸੀ। ਸੁਪਰੀਮ ਕੋਰਟ ਨੇ ਇਸ ਸਾਲ 15 ਮਾਰਚ ਨੂੰ BCCI ਦੀ ਅਨੁਸ਼ਾਸਨੀ ਕਮੇਟੀ ਦਾ ਫ਼ੈਸਲਾ ਬਦਲ ਦਿੱਤਾ ਸੀ। ਹੁਣ 7 ਅਗਸਤ ਦੇ ਆਪਣੇ ਫ਼ੈਸਲੇ ‘ਚ ਜੈਨ ਨੇ ਕਿਹਾ ਕਿ ਇਹ ਪਾਬੰਦੀ ਸੱਤ ਸਾਲ ਦੀ ਹੋਵੇਗੀ ਅਤੇ ਉਹ ਅਗਲੇ ਸਾਲ ਖੇਡੇਗਾ।
ਜੈਨ ਨੇ ਕਿਹਾ, ”ਸ਼੍ਰੀਸੰਥ ਦੀ ਉਮਰ 35 ਸਾਲ ਹੈ। ਬਤੌਰ ਕ੍ਰਿਕਟਰ ਉਸ ਦਾ ਸਰਵਸ੍ਰੇਸ਼ਠ ਦੌਰ ਬੀਤ ਚੁੱਕਾ ਹੈ। ਮੇਰਾ ਮੰਨਣਾ ਹੈ ਕਿ ਕਿਸੇ ਵੀ ਤਰ੍ਹਾਂ ਕਮਰਸ਼ੀਅਲ ਕ੍ਰਿਕਟ ਜਾਂ BCCI ਜਾਂ ਉਸ ਦੇ ਮੈਂਬਰ ਸੰਘ ਨਾਲ ਜੁੜਨ ‘ਤੇ ਸ਼੍ਰੀਸੰਥ ‘ਤੇ ਲੱਗਾ ਬੈਨ 13 ਸਤੰਬਰ 2013 ਤੋਂ 7 ਸਾਲ ਦਾ ਕਰਨਾ ਸਹੀ ਹੋਵੇਗਾ।” BCCI ਨੇ 28 ਫ਼ਰਵਰੀ ਨੂੰ ਅਦਾਲਤ ‘ਚ ਕਿਹਾ ਸੀ ਕਿ ਸ਼੍ਰੀਸੰਥ ‘ਤੇ ਲੱਗਾ ਲਾਫ਼ੀਫ਼ ਟਾਈਮ ਬੈਨ ਸਹੀ ਹੈ ਕਿਉਂਕਿ ਉਸ ਨੇ ਮੈਚ ਦੇ ਨਤੀਜੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਦਕਿ ਸ਼੍ਰੀਸੰਥ ਦੇ ਵਕੀਲ ਨੇ ਕਿਹਾ ਕਿ IPL ਮੈਚ ਦੌਰਾਨ ਕੋਈ ਸਪੌਟ ਫ਼ਿਕਸਿੰਗ ਨਹੀਂ ਸੀ ਹੋਈ ਅਤੇ ਸ਼੍ਰੀਸੰਥ ‘ਤੇ ਲਗਾਏ ਗਏ ਸਾਰੇ ਦੋਸ਼ਾਂ ਦੇ ਪੱਖ ‘ਚ ਕੋਈ ਸਬੂਤ ਨਹੀਂ ਸਨ ਮਿਲੇ।