ਸ੍ਰੀ ਕੀਰਤਪੁਰ ਸਾਹਿਬ : ਇਤਿਹਾਸਕ ਸਿਰਸਾ ਨਦੀ ਦੇ ਹੜ੍ਹ ਦੀ ਮਾਰ ਹੇਠ ਆਏ ਰਣਜੀਤਪੁਰਾ ਦੇ ਨੇੜਲੇ ਪਿੰਡਾਂ ਦੇ ਵਸਨੀਕਾਂ ਨੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਹੜ੍ਹ ਪੀੜਤਾਂ ਦੀ ਦੁੱਖ ਦੀ ਘੜੀ ‘ਚ ਮਦਦ ਨਾ ਕੀਤੇ ਜਾਣ ਤੋਂ ਰੋਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ। ਪਿੰਡ ਰਣਜੀਤਪੁਰਾ, ਬਟਾਰਲਾ, ਫੰਦੀ, ਦਹੀਰਪੁਰ ਤੇ ਬਟਾਰਲਾ ਆਦਿ ਪਿੰਡਾਂ ਦੇ ਹੜ੍ਹ ਪੀੜਤਾਂ ਲਈ ਆਟਾ, ਦਾਲਾਂ ਅਤੇ ਹੋਰ ਰਾਸ਼ਨ ਸਮੱਗਰੀ ਦੀਆਂ 2 ਟਰਾਲੀਆਂ ਭਰ ਕੇ ਲਿਜਾਂਦੇ ਸਮੇਂ ਪਿੰਡ ਮਾਜਰੀ ਗੁੱਜਰਾਂ ਵਿਖੇ ਇਕੱਤਰ ਹੋਏ ਕੋਟਬਾਲਾ, ਮਾਜਰੀ ਗੁੱਜਰਾਂ, ਆਸਪੁਰ, ਅਵਾਨਕੋਟ, ਆਲੋਵਾਲ, ਹਿੰਮਤਪੁਰ ਤੇ ਕੀਮਤਪੁਰ ਆਦਿ ਪਿੰਡਾਂ ਦੇ ਲੋਕਾਂ ਨੇ ਇਹ ਦੋਸ਼ ਲਾਇਆ। ਉਨ੍ਹਾਂ ਦੱਸਿਆ ਕਿ ਉਪਰੋਕਤ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਰਣਜੀਤਪੁਰਾ ਜਾਂ ਉਸ ਨੇੜਲੇ ਹੜ੍ਹ ਪ੍ਰਭਾਵਿਤ ਪਿੰਡਾਂ ‘ਚ ਹਾਲੇ ਤੱਕ ਇਕ ਵੀ ਗੇੜਾ ਨਹੀਂ ਮਾਰਿਆ ਗਿਆ।
ਸਟਾਫ ਤੇ ਟਰਾਂਸਪੋਰਟ ਦੀ ਘਾਟ ਕਾਰਨ ਆਈ ਦਿੱਕਤ : ਇੰਚਾਰਜ ਗੁ. ਸਾਹਿਬ
ਜਦੋਂ ਇਸ ਸਬੰਧੀ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਦੇ ਇੰਚਾਰਜ ਸੋਹਣ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਰਣਜੀਤਪੁਰਾ ਦੇ ਹੜ੍ਹ ਪੀੜਤਾਂ ਨੂੰ ਚਾਹ-ਪਾਣੀ ਛਕਾ ਕੇ ਆਏ ਸਨ, ਪਰ ਸਟਾਫ ਅਤੇ ਟਰਾਂਸਪੋਰਟ ਦੀ ਘਾਟ ਕਾਰਣ ਹੜ੍ਹ ਪੀੜਤਾਂ ਲਈ ਲੰਗਰ ਨਹੀਂ ਪਹੁੰਚਾਇਆ ਜਾ ਸਕਿਆ। ਇਸ ਤੋਂ ਇਲਾਵਾ ਉਨ੍ਹਾਂ ਕੋਲ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੋਈ ਵੀ ਨੁਮਾਇੰਦਾ ਲੰਗਰ ਮੰਗਣ ਲਈ ਨਹੀਂ ਆਇਆ।
ਮੈਨੇਜਰ ਰਾਹੀਂ ਕਰਵਾਈ ਜਾਵੇਗੀ ਜਾਂਚ : ਗੋਬਿੰਦ ਸਿੰਘ ਲੌਂਗੋਵਾਲ
ਜਦੋਂ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਗ੍ਹਾ-ਜਗ੍ਹਾ ਹੜ੍ਹ ਪੀੜਤਾਂ ਲਈ ਲੰਗਰ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰਾਹੀਂ ਜਾਂਚ ਕਰਵਾਉਣਗੇ ਕਿ ਰਣਜੀਤਪੁਰਾ ਅਤੇ ਨੇੜਲੇ ਪਿੰਡਾਂ ਵਿਚ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਦੁੱਖ ਦੀ ਘੜੀ ਵਿਚ ਲੋਕਾਂ ਦੀ ਮਦਦ ਲਈ ਕਿਉਂ ਨਹੀਂ ਪਹੁੰਚੇ।