ਜਲੰਧਰ —ਸਰਹੱਦੀ ਖੇਤਰਾਂ ‘ਚ ਰਹਿਣ ਵਾਲੇ ਪਰਿਵਾਰਾਂ ਨੂੰ ਨਿੱਤ ਨਵੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਪਿੰਡਾਂ ‘ਤੇ ਸੰਕਟ ਦੇ ਬੱਦਲ ਦੇਸ਼ ਦੀ ਵੰਡ ਵੇਲੇ ਤੋਂ ਹੀ ਮੰਡਰਾਉਂਦੇ ਆ ਰਹੇ ਹਨ। ਸਰਹੱਦੀ ਲੋਕਾਂ ‘ਤੇ ਕਦੇ ਅੱਤਵਾਦੀਆਂ ਦੇ ਹਮਲੇ ਹੁੰਦੇ ਹਨ, ਕਦੇ ਨਸ਼ਿਆਂ ਦੀ ਮਾਰ ਪੈਂਦੀ ਹੈ ਅਤੇ ਕਦੇ ਪਾਕਿਸਤਾਨੀ ਸੈਨਿਕ ਗੋਲੀਆਂ ਦੀ ਵਾਛੜ ਕਰਨ ਲੱਗਦੇ ਹਨ।ਪਾਕਿਸਤਾਨ ਵਲੋਂ ਠੋਸੀਆਂ ਗਈਆਂ ਜੰਗਾਂ ਦੌਰਾਨ ਵੀ ਸਰਹੱਦੀ ਖੇਤਰਾਂ ‘ਚ ਰਹਿਣ ਵਾਲੇ ਲੋਕਾਂ ਦਾ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਇਸ ਕਾਰਣ ਜਦੋਂ ਵੀ ਜੰਗ ਵਰਗੇ ਹਾਲਾਤ ਬਣਨ ਲੱਗਦੇ ਹਨ ਤਾਂ ਸਭ ਤੋਂ ਪਹਿਲਾਂ ਸਰਹੱਦਾਂ ਕੰਢੇ ਵੱਸਣ ਵਾਲਿਆਂ ਦਾ ਦਿਲ ਕੰਬਣ ਲੱਗਦਾ ਹੈ। ਇਹ ਅਣਹੋਣੀ ਵਾਰ-ਵਾਰ ਵਾਪਰਦੀ ਆ ਰਹੀ ਹੈ। ਪਾਕਿਸਤਾਨ ਦੀਆਂ ਅਜਿਹੀਆਂ ਹਰਕਤਾਂ ਕਾਰਣ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ।
ਮੌਜੂਦਾ ਸਮੇਂ ‘ਚ ਪਾਕਿਸਤਾਨ ਦੇ ਹੁਕਮਰਾਨਾਂ ਵੱਲੋਂ ਫਿਰ ਅਜਿਹੀ ਭੜਕਾਊ ਕਿਸਮ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਜਿਸ ਨਾਲ ਜਿਥੇ ਸਾਰੇ ਦੇਸ਼ ਸਾਹਮਣੇ ਚਿੰਤਾ ਵਾਲੀ ਸਥਿਤੀ ਬਣ ਰਹੀ ਹੈ, ਉਥੇ ਸਰਹੱਦੀ ਲੋਕਾਂ ਦੇ ਸਿਰ ‘ਤੇ ਡੂੰਘਾ ਸੰਕਟ ਮੰਡਰਾਉਂਦਾ ਮਹਿਸੂਸ ਹੋਣ ਲੱਗਾ ਹੈ।ਸਰਹੱਦੀ ਖੇਤਰਾਂ ਦੇ ਸੰਕਟ ਪੀੜਤ ਪਰਿਵਾਰਾਂ ਦਾ ਦੁੱਖ-ਦਰਦ ਵੰਡਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਪਿਛਲੇ ਦੋ ਦਹਾਕਿਆਂ ਤੋਂ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ 522ਵੇਂ ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨੀਂ ਪਠਾਨਕੋਟ ਜ਼ਿਲੇ ਨਾਲ ਸਬੰਧਤ ਬਮਿਆਲ ਖੇਤਰ ਦੇ ਸਰਹੱਦੀ ਪਿੰਡ ਬਸਾਊ ਬਾੜਵਾਂ ਲਈ ਭਿਜਵਾਈ ਗਈ ਸੀ।
ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਪ੍ਰਵਾਣੂੰ ਤੋਂ ਸ਼੍ਰੀ ਜੈਸ਼ੀ ਰਾਮ ਸ਼ਰਮਾ ਵਲੋਂ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ ਵਿਚ ਸ਼੍ਰੀ ਅਕਸ਼ਿਤ ਸ਼ਰਮਾ ਅਤੇ ਪੰਕਜ ਸ਼ਰਮਾ ਨੇ ਵੀ ਵੱਡਮੁੱਲਾ ਯੋਗਦਾਨ ਦਿੱਤਾ।ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਜਲੰਧਰ ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿੱਲੋ ਆਟਾ, 10 ਕਿੱਲੋ ਚਾਵਲ ਅਤੇ ਇਕ ਕੰਬਲ ਸ਼ਾਮਲ ਸੀ। ਰਾਹਤ ਟੀਮ ਦੇ ਮੋਹਰੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੇ ਮੈਂਬਰਾਂ ‘ਚ ਸੁਲਿੰਦਰ ਕੰਡੀ (ਰਿਟਾਇਰਡ ਸੀ. ਆਰ. ਪੀ. ਐੱਫ. ਅਧਿਕਾਰੀ), ਰਾਜੇਸ਼ ਭਗਤ, ਪੰਜਾਬ ਕੇਸਰੀ ਦਫਤਰ ਪਠਾਨਕੋਟ ਦੇ ਇੰਚਾਰਜ ਸ਼੍ਰੀ ਸੰਜੀਵ ਸ਼ਾਰਦਾ, ਦੀਨਾਨਗਰ ਤੋਂ ਪ੍ਰਤੀਨਿਧੀ ਦੀਪਕ ਸ਼ਰਮਾ, ਵਪਾਰ ਮੰਡਲ ਜ਼ਿਲਾ ਪਠਾਨਕੋਟ ਦੇ ਪ੍ਰਧਾਨ ਇੰਦਰਜੀਤ ਗੁਪਤਾ, ਵਿਨੋਦ ਸ਼ਰਮਾ ਅਤੇ ਹੋਰ ਸ਼ਖਸੀਅਤਾਂ ਵੀ ਸ਼ਾਮਲ ਸਨ।