ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕਾਂ ਨੇ ਦਿੱਲੀ ਦੇ ਤੁਗਲਕਾਬਾਦ ਸਥਿਤ ਕਰੀਬ ਸਾਢੇ 500 ਸਾਲ ਪੁਰਾਣੇ ਅਤੇ ਇਤਿਹਾਸਕ ਗੁਰੂ ਰਵਿਦਾਸ ਮੰਦਰ ਨੂੰ ਭਾਜਪਾ ਦੇ ਕੰਟਰੋਲ ਵਾਲੀ ਦਿੱਲੀ ਵਿਕਾਸ ਅਥਾਰਿਟੀ (ਡੀ. ਡੀ. ਏ.) ਵੱਲੋਂ ਢਾਹੇ ਜਾਣ ਵਿਰੁੱਧ ਦਿੱਲੀ ਵਿਧਾਨ ਸਭਾ ਵੱਲੋਂ ਪਾਸ ਕੀਤੇ ਮਤੇ ਦਾ ਜ਼ੋਰਦਾਰ ਸਵਾਗਤ ਕਰਦੇ ਹੋਏ ਮੰਦਰ ਦੀ ਉਸੇ ਥਾਂ ਮੁੜ ਉਸਾਰੀ ਦੀ ਮੰਗ ਦੁਹਰਾਈ ਹੈ। ਸ਼ੁੱਕਰਵਾਰ ਵਿਖੇ ਸਾਂਝੀ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਐੱਸ. ਸੀ. ਵਿੰਗ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਬਿਲਾਸਪੁਰ, ਸਹਿ ਪ੍ਰਧਾਨ ਕੁਲਵੰਤ ਸਿੰਘ ਪੰਡੋਰੀ, ਐੱਨ. ਆਰ. ਆਈ. ਵਿੰਗ ਦੇ ਪ੍ਰਧਾਨ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਕੇਜਰੀਵਾਲ ਵੱਲੋਂ ਲਿਆਂਦੇ ਗਏ ਸੰਜੀਦਾ ਅਤੇ ਸੁਚਾਰੂ ਮਤੇ ‘ਤੇ ਅਮਲ ਕਰਨਾ ਚਾਹੀਦਾ ਹੈ, ਜਿਸ ਨਾਲ ਜਿੱਥੇ ਗੁਰੂ ਰਵਿਦਾਸ ਜੀ ਨਾਲ ਅਧਿਆਤਮਿਕ ਅਤੇ ਸਮਾਜਿਕ ਤੌਰ ‘ਤੇ ਜੁੜੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ‘ਤੇ ਮਲ੍ਹਮ ਲੱਗੇਗੀ, ਉੱਥੇ ਦਿੱਲੀ ਦੀ ਆਬੋ-ਹਵਾ (ਵਾਤਾਵਰਣ) ਨੂੰ ਵੀ ਤਕੜਾ ਹੁਲਾਰਾ ਮਿਲੇਗਾ।
ਜ਼ਿਕਰਯੋਗ ਹੈ ਕਿ ਕੇਜਰੀਵਾਲ ਸਰਕਾਰ ਵੱਲੋਂ ਪਾਸ ਮਤੇ ‘ਚ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਉਹ ਗੁਰੂ ਰਵਿਦਾਸ ਜੀ ਦੇ ਚਰਨ ਛੋਹ ਪ੍ਰਾਪਤ ਉਸੇ ਸਥਾਨ ‘ਤੇ ਮੰਦਰ ਦੀ ਸਦੀਆਂ ਪੁਰਾਣੀ ਕਰੀਬ 4 ਏਕੜ ਪਵਿੱਤਰ ਜ਼ਮੀਨ ਮੰਦਰ ਦੀ ਉਸਾਰੀ ਲਈ ਡੀ. ਡੀ. ਏ. ਤੋਂ ਛੁਡਵਾਉਂਦੀ ਹੈ ਤਾਂ ਕੇਜਰੀਵਾਲ ਸਰਕਾਰ ਨਾ ਕੇਵਲ ਉੱਥੇ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਸ਼ਾਨਦਾਰ ਮੰਦਰ ਦੀ ਉਸਾਰੀ ਆਪਣੇ ਖ਼ਰਚੇ ‘ਤੇ ਕਰੇਗੀ, ਸਗੋਂ ਇਸ 4 ਏਕੜ ਭੂਮੀ ਦੇ ਬਦਲੇ ਦਿੱਲੀ ‘ਚ 100 ਏਕੜ ਸਰਕਾਰੀ ਅਤੇ ਜੰਗਲਾਤੀ ਜ਼ਮੀਨ ਨੂੰ ਬੂਟਿਆਂ ਨਾਲ ਹਰਾ-ਭਰਾ ਕਰ ਦੇਵੇਗੀ। ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ‘ਆਪ’ ਨੇ ਗੁਰੂ ਰਵਿਦਾਸ ਮੰਦਰ ਦੀ ਅਹਿਮੀਅਤ ਸਮਝਦੇ ਹੋਏ ਇਸ ਨੂੰ ਗੰਭੀਰਤਾ ਨਾਲ ਲਿਆ ਸੀ। ਦਿੱਲੀ ਦੇ ਮੰਤਰੀ ਰਜਿੰਦਰਪਾਲ ਗੌਤਮ ਅਤੇ ਵਿਰੋਧੀ ਧਿਰ ਦੇ ਨੇਤਾ (ਪੰਜਾਬ) ਹਰਪਾਲ ਸਿੰਘ ਚੀਮਾ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਵੀ ਲਿਖੇ ਸਨ। ਚੀਮਾ ਦੀ ਅਗਵਾਈ ਹੇਠ ਉਨ੍ਹਾਂ (ਵਿਧਾਇਕਾਂ) ਨੇ ਮੁੱਖ ਮੰਤਰੀ ਕੇਜਰੀਵਾਲ ਨੂੰ ਮਿਲ ਕੇ ਇਸ ਮੁੱਦੇ ‘ਤੇ ਵਿਸ਼ੇਸ਼ ਸੈਸ਼ਨ ‘ਚ ਮਤਾ ਪਾਸ ਕਰਨ ਦੀ ਗੁਜ਼ਾਰਿਸ਼ ਕੀਤੀ ਸੀ, ਜਿਸ ਨੂੰ ਤੁਰੰਤ ਮੰਨਦਿਆਂ ਦਿੱਲੀ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਹ ਮਤਾ ਪਾਸ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮਤੇ ਪੰਜਾਬ ਵਿਧਾਨ ਸਭਾ ਸਮੇਤ ਸਾਰੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਵੱਲੋਂ ਪਾਸ ਕੀਤੇ ਜਾਣ ਅਤੇ ਮੋਦੀ ਸਰਕਾਰ ‘ਤੇ ਦਬਾਅ ਬਣਾਇਆ ਜਾਵੇ।
ਕੁਲਵੰਤ ਸਿੰਘ ਪੰਡੋਰੀ ਨੇ ਇਸ ਮਾਮਲੇ ‘ਚ ਅਕਾਲੀ ਦਲ (ਬਾਦਲ) ਅਤੇ ਐੱਸ. ਜੀ. ਪੀ. ਸੀ. ਦੀ ਭੂਮਿਕਾ ‘ਤੇ ਸਵਾਲ ਉਠਾਏ ਅਤੇ ਕਿਹਾ ਕਿ ਕੀ ਪੰਥਕ ਕਹਾਉਣ ਵਾਲੇ ਬਾਦਲ ਵੀ ਦਲਿਤ ਸਮਾਜ ਨੂੰ ਭਾਜਪਾ ਵਾਂਗ ਅਛੂਤ ਸਮਝਦੇ ਹਨ। ਬਾਦਲਾਂ-ਭਾਜਪਾ ਅਤੇ ਕਾਂਗਰਸ ਨੂੰ ਆੜੇ ਹੱਥੀ ਲੈਂਦੇ ਹੋਏ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਮੋਦੀ ਸਰਕਾਰ ਇਸ ਸੰਵੇਦਨਸ਼ੀਲ ਮੁੱਦੇ ‘ਤੇ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਵੇ ਜਾਂ ਆਰਡੀਨੈਂਸ ਜਾਰੀ ਕਰਕੇ ਮੰਦਰ ਦੀ ਉਸੇ ਥਾਂ ‘ਤੇ ਪੁਨਰ-ਉਸਾਰੀ ਕਰਵਾਏ। ਰੋੜੀ ਨੇ ਕਿਹਾ ਕਿ ਵਜ਼ੀਰੀ ਭੋਗ ਰਹੀ ਹਰਸਿਮਰਤ ਕੌਰ ਬਾਦਲ ਆਪਣੀ ਮੋਦੀ ਸਰਕਾਰ ਨਾਲ ਇਸ ਲਈ ਕਿਉਂ ਨਹੀਂ ਅੜਦੀ। ਇਸ ਮੌਕੇ ਕੋਰ ਕਮੇਟੀ ਮੈਂਬਰ ਅਤੇ ਸਟੇਟ ਮੀਡੀਆ ਇੰਚਾਰਜ ਮਨਜੀਤ ਸਿੰਘ ਸਿੱਧੂ ਵੀ ਮੌਜੂਦ ਸਨ।