ਨਵੀਂ ਦਿੱਲੀ— ਪਿਛਲੇ ਕਈ ਦਿਨਾਂ ਤੋਂ ਏਮਜ਼ ‘ਚ ਦਾਖਲ ਸਾਬਕਾ ਵਿੱਤ ਮੰਤਰੀ ਤੇ ਭਾਜਪਾ ਦੇ ਦਿੱਗਜ ਨੇਤਾ ਸ਼੍ਰੀ ਅਰੁਣ ਜੇਤਲੀ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਹ 66 ਸਾਲ ਦੇ ਸਨ। ਸਾਹ ਲੈਣ ‘ਚ ਦਿੱਕਤ ਤੋਂ ਬਾਅਦ ਸ਼੍ਰੀ ਜੇਤਲੀ ਨੂੰ 9 ਅਗਸਤ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਜ਼) ‘ਚ ਦਾਖਲ ਕਰਵਾਇਆ ਗਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੇਤਲੀ ਨੇ ਦੁਪਹਿਰ 12 ਵਜ ਕੇ 7 ਮਿੰਟ ‘ਤੇ ਆਖਰੀ ਸਾਹ ਲਿਆ।
ਨਰਿੰਦਰ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ‘ਚ ਸ਼੍ਰੀ ਅਰੁਣ ਜੇਤਲੀ ਵਿੱਤ ਮੰਤਰੀ ਸਨ।ਉਨ੍ਹਾਂ ਨੇ ਰੱਖਿਆ ਮੰਤਰਾਲਾ ਦਾ ਕਾਰਜਕਾਲ ਵੀ ਸੰਭਾਲਿਆ ਸੀ ਅਤੇ ਕਈ ਵਾਰ ਉਹ ਸਰਕਾਰ ਦੇ ਮੁੱਖ ਸੰਕਟਮੋਚਕ ਵੀ ਸਿੱਧ ਹੋਏ ਸਨ।ਸ਼੍ਰੀ ਜੇਤਲੀ ਪਿਛਲੇ ਦੋ ਸਾਲਾਂ ਤੋਂ ਠੀਕ ਨਹੀਂ ਸਨ, ਜਿਸ ਕਾਰਨ ਉਨ੍ਹਾਂ ਨੇ ਇਸ ਸਾਲ ਲੋਕ ਸਭਾ ਚੋਣ ਨਹੀਂ ਲੜੀ ਸੀ। ਉਨ੍ਹਾਂ ਦਾ ਕਿਡਨੀ ਟਰਾਂਸਪਲਾਂਟ ਵੀ ਹੋਇਆ ਸੀ। ਸਿਹਤ ਸਮੱਸਿਆਵਾਂ ਕਾਰਨ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਨੂੰ ਕਈ ਵਾਰ ਪਿਊਸ਼ ਗੋਇਲ ਨੂੰ ਦਿੱਤਾ ਗਿਆ ਸੀ।ਇਸ ਸਾਲ ਫਰਵਰੀ ‘ਚ ਉਹ ਇਲਾਜ ਲਈ ਅਮਰੀਕਾ ਵੀ ਗਏ ਸਨ, ਜਿਸ ਕਾਰਨ ਉਹ ਅੰਤਰਿਮ ਬਜਟ ਪੇਸ਼ ਨਹੀਂ ਕਰ ਸਕੇ ਸਨ।
ਮਈ 2019 ‘ਚ ਭਾਜਪਾ ਦੀ ਦੁਬਾਰਾ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਉਹ ਸਿਹਤ ਕਾਰਨਾਂ ਕਰਕੇ ਨਵੀਂ ਸਰਕਾਰ ‘ਚ ਕੋਈ ਜ਼ਿੰਮੇਵਾਰੀ ਨਹੀਂ ਚਾਹੁੰਦੇ। ਸ਼੍ਰੀ ਅਰੁਣ ਜੇਤਲੀ ਨੇ ਪੱਤਰ ‘ਚ ਲਿਖਿਆ ਸੀ ਕਿ ਕਈ ਮਹੀਨਿਆਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ, ਜਿਸ ਕਾਰਨ ਉਹ ਕੋਈ ਅਹੁਦਾ ਨਹੀਂ ਲੈਣਾ ਚਾਹੁੰਦੇ।