ਮਨਾਮਾ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ ਐਤਵਾਰ ਨੂੰ ਬਹਿਰੀਨ ਦੇ ਵਲੀ ਅਹਿਦ ਸਲਮਾਨ ਬਿਨ ਹਮਾਦ ਬਿਨ ਇਸਾ ਅਲ ਖਲੀਫਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਨੇ ਭਾਰਤ ਅਤੇ ਬਹਿਰੀਨ ਵਿਚ ਦੋਸਤੀ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਦੋਹਾਂ ਦੇਸ਼ਾਂ ਦੇ ਨੇਤਾਵਾਂ ਨੇ ਗੱਲਬਾਤ ਦੌਰਾਨ ਵਪਾਰਕ ਸੰਬੰਧਾਂ ਅਤੇ ਸੱਭਿਆਚਾਰਕ ਲੈਣ-ਦੇਣ ‘ਤੇ ਵਿਸ਼ੇਸ਼ ਧਿਆਨ ਦਿੱਤਾ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਮੋਦੀ ਨੂੰ ਇੱਥੇ ‘ਦੀ ਕਿੰਗ ਹਮਾਦ ਆਰਡਰ ਆਫ ਦੀ ਰਿਨੇਸਨਸ’ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਮਿਲਣ ਤੋਂ ਬਾਅਦ ਮੋਦੀ ਨੇ ਕਿਹਾ,”ਮੈਂ ਇਹ ਸਨਮਾਨ ਪਾ ਕੇ ਸਨਮਾਨਿਤ ਅਤੇ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ। ਇਹ ਭਾਰਤ ਅਤੇ ਬਹਿਰੀਨ ਦੀ ਨਜ਼ਦੀਕੀ ਅਤੇ ਦੋਸਤਾਨਾ ਸੰਬੰਧਾਂ ਦਾ ਪ੍ਰਤੀਕ ਹੈ। ਮੈਂ 1.3 ਅਰਬ ਭਾਰਤੀਆਂ ਵੱਲੋਂ ਇਸ ਵੱਕਾਰੀ ਸਨਮਾਨ ਨੂੰ ਨਿਮਰਤਾ ਪੂਰਵਕ ਅਤੇ ਆਦਰ ਨਾਲ ਸਵੀਕਾਰ ਕਰਦਾ ਹਾਂ।”
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇਕ ਟਵੀਟ ਕੀਤਾ,”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹਿਰੀਨ ਦੇ ਵਲੀ ਅਹਿਦ ਸਲਮਾਨ ਬਿਨ ਹਮਾਦ ਬਿਨ ਇਸਾ ਅਲ ਖਲੀਫਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਸਾਡੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਸੰਬੰਧੀ ਚਰਚਾ ਕੀਤੀ।”
ਪ੍ਰਧਾਨ ਮੰਤਰੀ ਦੇ ਦਫਤਰ ਨੇ ਵੀ ਇਸ ਮੁਲਾਕਾਤ ਸੰਬੰਧੀ ਟਵੀਟ ਕੀਤਾ। ਪੀ.ਐੱਮ. ਮੋਦੀ ਦੀ ਬਹਿਰੀਨ ਦੀ ਯਾਤਰਾ ਇਸ ਲਈ ਵੀ ਮਹੱਤਵਪਰੂਣ ਹੈ ਕਿਉਂਕਿ ਇਸ ਦੇਸ਼ ਦੀ ਯਾਤਰਾ ਕਰਨ ਵਾਲੇ ਉਹ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਤਿੰਨ ਦੇਸ਼ਾਂ ਫਰਾਂਸ, ਯੂ.ਏ.ਈ. ਅਤੇ ਬਹਿਰੀਨ ਦੀ ਯਾਤਰਾ ਦੇ ਤੀਜੇ ਪੜਾਅ ਵਿਚ ਤਹਿਤ ਮੋਦੀ ਇੱਥੇ ਪਹੁੰਚੇ ਹਨ।