ਨਵੀਂ ਦਿੱਲੀ/ਜੰਮੂ— ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਵਿਰੋਧੀ ਦਲ ਲਗਾਤਾਰ ਹਮਲੇ ਬੋਲ ਰਿਹਾ ਹੈ। ਕੇਂਦਰ ਸਰਕਾਰ ਜੰਮੂ-ਕਸ਼ਮੀਰ ਵਿਚ ਹਾਲਾਤ ਨੂੰ ਆਮ ਬਣਾਉਣ ਦੀ ਕੋਸ਼ਿਸ਼ ‘ਚ ਜੁਟੀ ਹੋਈ ਹੈ ਅਤੇ ਨਵੀਂ ਰਣਨੀਤੀ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਘੱਟ ਗਿਣਤੀ ਮੰਤਰਾਲੇ ਦੀ ਇਕ ਟੀਮ ਕੱਲ ਭਾਵ ਮੰਗਲਵਾਰ ਨੂੰ ਕਸ਼ਮੀਰ ਜਾਵੇਗੀ, ਇਹ ਉਨ੍ਹਾਂ ਦਾ ਦੋ ਦਿਨਾਂ ਦਾ ਦੌਰਾਨ ਹੋਵੇਗਾ। ਘੱਟ ਗਿਣਤੀ ਕਾਰਜ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਟੀਮ ਉਨ੍ਹਾਂ ਇਲਾਕਿਆਂ ਦੀ ਪਛਾਣ ਕਰੇਗੀ, ਜਿੱਥੇ ਵਿਕਾਸ ਦੀ ਕਿਰਨ ਨਹੀਂ ਪੁੱਜੀ ਹੈ। ਨਕਵੀ ਨੇ ਕਿਹਾ ਕਿ ਅਸੀਂ ਜੰਮੂ-ਕਸ਼ਮੀਰ ਅਤੇ ਲੱਦਾਖ ‘ਤੇ ਖਾਸ ਧਿਆਨ ਦੇ ਰਹੇ ਹਾਂ। ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਇਕ ਟੀਮ 27-28 ਅਗਸਤ ਨੂੰ ਕਸ਼ਮੀਰ ਜਾ ਰਹੀ ਹੈ। ਉਹ ਪ੍ਰਦੇਸ਼ ਵਿਚ ਸਮਾਜਿਕ-ਆਰਥਿਕ ਅਤੇ ਸਿੱਖਿਅਕ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਦੇਖੇਗੀ।
ਨਕਵੀ ਨੇ ਦੱਸਿਆ ਕਿ ਇਸ ਟੀਮ ਵਿਚ ਸਕੱਤਰ, ਸੰਯੁਕਤ ਸਕੱਤਰ ਅਤੇ ਦੂਜੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। ਇਹ ਟੀਮ ਜੰਮੂ ਅਤੇ ਲੱਦਾਖ ਦਾ ਦੌਰਾ ਕਰੇਗੀ। ਉਨ੍ਹਾਂ ਕਿਹਾ ਕਿ ਧਾਰਾ-370 ਹਟਣ ਦਾ ਪ੍ਰਦੇਸ਼ ਦੇ ਮੁਸਲਿਮ ਭਾਈਚਾਰੇ ਸਮੇਤ ਸਾਰੇ ਲੋਕ ਸਵਾਗਤ ਕਰ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਜੰਮੂ-ਕਸ਼ਮੀਰ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ‘ਤੇ ਕੰਟਰੋਲ ਬਣਾ ਕੇ ਰੱਖਣ ਦੇ ਨਾਲ-ਨਾਲ ਹੁਣ ਸਰਕਾਰ ਨੇ ਪ੍ਰਦੇਸ਼ ਦੇ ਵਿਕਾਸ ‘ਤੇ ਧਿਆਨ ਕੇਂਦਰਿਤ ਕਰ ਦਿੱਤਾ ਹੈ। ਹੁਣ ਮੰਤਰਾਲੇ ਸਾਰੇ ਖੇਤਰ- ਲੇਹ, ਲੱਦਾਖ, ਕਾਰਗਿਲ, ਜੰਮੂ ਅਤੇ ਕਸ਼ਮੀਰ ‘ਚ ਸਰਗਰਮ ਰਹੇਗਾ। ਨਕਵੀ ਨੇ ਕਿਹਾ ਕਿ ਅਸੀਂ ਸਕੂਲ, ਕਾਲਜ, ਇੰਜੀਨੀਅਰਿੰਗ ਕਾਲਜ ਅਤੇ ਹਸਪਤਾਲ ਸਥਾਪਤ ਕਰਨ ਲਈ ਉਪਰਾਲੇ ਕਰਾਂਗੇ। ਉਨ੍ਹਾਂ ਇਹ ਵੀ ਦੱਸਿਆ ਕਿ ਸਮੁੱਚੇ ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ‘ਪ੍ਰਧਾਨ ਮੰਤਰੀ ਜਨ ਵਿਕਾਸ ਪ੍ਰੋਗਰਾਮ’ ਤਹਿਤ ਵਿਕਾਸ ਕੰਮ ਸ਼ੁਰੂ ਕੀਤੇ ਜਾਣਗੇ। ਨਕਵੀ ਨੇ ਵਿਰੋਧੀ ਦਲਾਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਵਿਰੋਧੀ ਦਲਾਂ ਦੇ ਸਾਡੇ ਦੋਸਤਾਂ ਨੂੰ ਲੱਗਾ ਸੀ ਕਿ ਧਾਰਾ-370 ਹਟਣ ਕਾਰਨ ਸੂਬੇ ਵਿਚ ਅੱਗ ਲੱਗ ਜਾਵੇਗੀ ਪਰ ਇਸ ਦਾ ਉਲਟ ਹੋਇਆ ਅਤੇ ਇਸ ਕਦਮ ਦਾ ਹਰ ਥਾਂ ਸਵਾਗਤ ਹੋਇਆ। ਇਸ ਦਾ ਜੰਮੂ-ਕਸ਼ਮੀਰ ਅਤੇ ਲੱਦਾਖ ‘ਚ ਵੀ ਸਵਾਗਤ ਕੀਤਾ ਗਿਆ।