ਨਵੀ ਦਿੱਲੀ— ਸੁਪਰੀਮ ਕੋਰਟ ਤੋਂ ਵੀ ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਨੇਤਾ ਪੀ. ਚਿਦਾਂਬਰਮ ਨੂੰ ਆਈ. ਐੱਨ. ਐਕਸ ਕੇਸ ‘ਚ ਰਾਹਤ ਨਹੀਂ ਮਿਲੀ ਹੈ। ਸੁਪਰੀਮ ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਕੋਰਟ ਨੇ ਕਿਹਾ ਕਿ ਅਸੀਂ ਸੀ. ਬੀ. ਆਈ. ਦੀ ਗ੍ਰਿਫਤਾਰੀ ‘ਚ ਦਖਲ ਨਹੀਂ ਦੇਵਾਂਗੇ। ਦਿੱਲੀ ਹਾਈ ਕੋਰਟ ਤੋਂ ਪੇਸ਼ਗੀ ਜ਼ਮਾਨਤ ਨਾ ਮਿਲਣ ਤੋਂ ਬਾਅਦ ਸੀ. ਬੀ. ਆਈ. ਨੇ ਚਿਦਾਂਬਰਮ ਨੂੰ 21 ਅਗਸਤ ਨੂੰ ਗ੍ਰਿਫਤਾਰ ਕੀਤਾ ਸੀ। ਕਾਂਗਰਸ ਪਾਰਟੀ ਵਲੋਂ ਇਸ ‘ਤੇ ਕਾਫੀ ਹੰਗਾਮਾ ਵੀ ਕੀਤਾ ਗਿਆ ਸੀ। ਰਾਹੁਲ, ਪ੍ਰਿਅੰਕਾ ਗਾਂਧੀ ਚਿਦਾਂਬਰਮ ਦੀ ਸਪੋਰਟ ਵਿਚ ਖੜ੍ਹੇ ਸਨ। ਇੱਥੇ ਦੱਸ ਦੇਈਏ ਕਿ ਚਿਦਾਂਬਰਮ ਆਈ. ਐੱਨ. ਐਕਸ ਮੀਡੀਆ ਮਾਮਲੇ ‘ਚ ਜਾਂਚ ਏਜੰਸੀਆਂ ਦੀ ਸ਼ਿਕੰਜੇ ‘ਚ ਹਨ। ਸੀ. ਬੀ. ਆਈ. ਰਿਮਾਂਡ ਅੱਜ ਖਤਮ ਹੋ ਗਈ, ਜਿਸ ਤੋਂ ਬਾਅਦ ਚਿਦਾਂਬਰਮ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।
ਓਧਰ ਆਈ. ਐੱਨ. ਐਕਸ ਮੀਡੀਆ ਕੇਸ ਦੀ ਵੱਖ ਤੋਂ ਜਾਂਚ ਕਰ ਰਿਹਾ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸੁਪਰੀਮ ਕੋਰਟ ‘ਚ ਹਲਫਨਾਮਾ ਦਾਇਰ ਕਰ ਕੇ ਚਿਦਾਂਬਰਮ ‘ਤੇ ਕਈ ਗੰਭੀਰ ਦੋਸ਼ ਲਾਏ ਹਨ। ਈ. ਡੀ. ਵੀ ਚਿਦਾਂਬਰਮ ਨੂੰ ਹਿਰਾਸਤ ਵਿਚ ਲੈਣ ਦੀ ਕੋਸ਼ਿਸ਼ ‘ਚ ਲੱਗਾ ਹੈ। ਈ. ਡੀ. ਨੇ ਆਪਣੇ ਹਲਫਨਾਮੇ ਵਿਚ ਕਿਹਾ ਕਿ ਚਿਦਾਂਬਰਮ ਨੇ ਕਈ ਫਰਜ਼ੀ ਕੰਪਨੀਆਂ ਦਾ ਨੈੱਟਵਰਕ ਬਣਾਇਆ। ਉਨ੍ਹਾਂ ਨੇ ਫਰਜ਼ੀ ਕੰਪਨੀਆਂ ਦੇ ਸ਼ੇਅਰ ਹੋਲਡਿੰਗ ਪੈਟਰਨ ‘ਚ ਬਦਲਾਅ ਕੀਤੇ। ਈ. ਡੀ. ਮੁਤਾਬਕ ਵਿੱਤ ਮੰਤਰੀ ਦੇ ਰੂਪ ਵਿਚ ਚਿਦਾਂਬਰਮ ਨੇ ਆਪਣੇ ਅਧਿਕਾਰਤ ਅਹੁਦੇ ਦੀ ਕਿਵੇਂ ਦੁਰਵਰਤੋਂ ਕੀਤੀ।