ਜੰਮੂ— ਜੰਮੂ-ਕਸ਼ਮੀਰ ਤੋਂ ਧਾਰਾ-370 ਹਟਣ ਮਗਰੋਂ ਪਾਕਿਸਤਾਨ ਬੌਖਲਾ ਗਿਆ ਹੈ। ਇਸ ਧਾਰਾ ਦੇ ਹਟਣ ਕਾਰਨ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਵਿਚ ਇਕ ਵਾਰ ਫਿਰ ਤਣਾਅ ਪੈਦਾ ਹੋ ਗਿਆ ਹੈ। ਪਾਕਿਸਤਾਨ ਜਿੱਥੇ ਕਸ਼ਮੀਰ ਮੁੱਦੇ ‘ਤੇ ਦੁਨੀਆ ਤੋਂ ਕੂਟਨੀਤਕ ਮਦਦ ਦੀ ਅਪੀਲ ਕਰ ਰਿਹਾ ਹੈ, ਉੱਥੇ ਹੀ ਪਾਕਿਸਤਾਨੀ ਫੌਜ ਨੇ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ‘ਚ ਆਪਣੀਆਂ ਗਤੀਵਿਧੀਆਂ ਨੂੰ ਵਧਾ ਦਿੱਤਾ ਹੈ। ਪਾਕਿਸਤਾਨੀ ਫੌਜ ਦੇ ਭਰੋਸੇਯੋਗ ਸੂਤਰਾਂ ਮੁਤਾਬਕ ਫੌਜ ਪਿਛਲੇ 20 ਦਿਨਾਂ ਤੋਂ ਭਾਰਤ ਨਾਲ ਜੰਗ ਦੀ ਤਿਆਰੀ ਵਿਚ ਜੁਟੀ ਹੈ। ਸੂਤਰਾਂ ਮੁਤਾਬਤ ਧਾਰਾ-370 ਹਟਣ ਦੇ ਅਗਲੇ ਦਿਨ ਤੋਂ ਹੀ ਪਾਕਿਸਤਾਨੀ ਫੌਜ ਕੰਟਰੋਲ ਰੇਖਾ ‘ਤੇ ਸਰਗਰਮ ਹੋ ਗਈ।
ਪਾਕਿਸਤਾਨੀ ਫੌਜ ਦੇ ਇਕ ਕਮਾਂਡਿੰਗ ਅਫਸਰ ਜੋ ਕਿ ਪੀ. ਓ. ਕੇ. ਦਾਨਾ ਸੈਕਟਰ ਵਿਚ ਤਾਇਨਾਤ ਹਨ, ਉਨ੍ਹਾਂ ਨੇ ਦੱਸਿਆ ਕਿ ਮੌਜੂਦਾ ਹਾਲਾਤ ਕਿਸੇ ਜੰਗ ਦੀ ਤਿਆਰੀ ਤੋਂ ਘੱਟ ਨਹੀਂ ਹਨ। ਕੰਟਰੋਲ ਰੇਖਾ ਦੇ ਨੇੜੇ ਜਿਸ ਤਰ੍ਹਾਂ ਨਾਲ ਗੋਲਾ-ਬਾਰੂਦ ਅਤੇ ਸਾਜੋ-ਸਾਮਾਨ ਇਕੱਠਾ ਕੀਤਾ ਜਾ ਰਿਹਾ ਹੈ, ਇਸ ਤੋਂ ਲੱਗਦਾ ਹੈ ਕਿ ਜੰਗ ਕਦੇ ਵੀ ਛਿੜ ਸਕਦੀ ਹੈ। ਇਹ ਵੀ ਤੈਅ ਹੈ ਕਿ ਜੋ ਕੁਝ ਵੀ ਹੋਣਾ ਹੈ, ਉਹ ਸਤੰਬਰ ਤੋਂ ਅਕਤੂਬਰ ਮਹੀਨੇ ਦਰਮਿਆਨ ਹੀ ਹੋਣਾ ਹੈ। ਕਿਉਂਕਿ ਫਿਰ ਬਰਫ ਪੈਣੀ ਸ਼ੁਰੂ ਹੋ ਜਾਵੇਗੀ ਅਤੇ ਜੰਗ ਲੜਨੀ ਸੰਭਵ ਨਹੀਂ ਹੋਵੇਗਾ।
ਇੱਥੋਂ ਤਕ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਕਿਹਾ ਸੀ ਕਿ ਭਾਰਤ ਨਾਲ ਗੱਲ ਕਰਨ ਦਾ ਕੋਈ ਤੁਕ ਨਹੀਂ ਬਣਦਾ ਹੈ। ਇਮਰਾਨ ਦੇ ਅਜਿਹੇ ਬਿਆਨ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਪਾਕਿਸਤਾਨ ਹੁਣ ਗੱਲਬਾਤ ਨਹੀਂ, ਸਗੋਂ ਜੰਗ ਦੀ ਤਿਆਰ ਕਰ ਰਿਹਾ ਹੈ। ਇਸ ਦਰਮਿਆਨ ਪਾਕਿਸਤਾਨ ਦੇ ਚੀਫ ਆਫ ਆਰਮੀ ਸਟਾਫ ਜਨਰਲ ਕਮਰ ਜਾਵੇਦ ਬਾਜਵਾ ਨੇ ਕਿਹਾ ਕਿ ਉਨ੍ਹਾਂ ਦੀ ਫੌਜ ਭਾਰਤ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖ ਰਹੀ ਹੈ। ਭਾਰਤ ਦੇ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਸਾਡੀ ਫੌਜ ਪੂਰੀ ਤਰ੍ਹਾਂ ਤਿਆਰ ਹੈ। ਇਹ ਗੱਲ ਬਾਜਵਾ ਨੇ ਸ਼ਨੀਵਾਰ ਨੂੰ ਗਿਲਗਿਤ ਵਿਚ ਫੌਜ ਹੈੱਡਕੁਆਰਟਰ ਦੇ ਦੌਰ ਦੌਰਾਨ ਆਖੀ। ਇੱਥੇ ਦੱਸ ਦੇਈਏ ਕਿ ਬੀਤੀ 5 ਅਗਸਤ ਨੂੰ ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ ਤੋਂ ਧਾਰਾ-370 ਨੂੰ ਹਟਾ ਦਿੱਤਾ ਗਿਆ ਸੀ। ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਦੋ ਵੱਖ-ਵੱਖ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤੇ ਗਏ ਹਨ। ਜਿਸ ਤੋਂ ਬਾਅਦ ਹੀ ਪਾਕਿਸਤਾਨ ਬੌਖਲਾ ਗਿਆ ਹੈ।