ਚੰਡੀਗੜ੍ਹ : ਪੰਜਾਬ ਵਿਚ ਆਏ ਹੜ੍ਹਾਂ ਨੂੰ ਸੁਖਪਾਲ ਖਹਿਰਾ ਨੇ ਕੁਦਰਤੀ ਨਹੀਂ ਸਗੋਂ ਯੋਜਨਾਬੱਧ ਤਰੀਕੇ ਨਾਲ ਲਿਆਂਦੀ ਗਈ ਆਪਦਾ ਕਰਾਰ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਜਿਸ ਤਰ੍ਹਾਂ ਜੰਮੂ ਕਸ਼ਮੀਰ ਵਿਚ ਧਾਰਾ 370 ਹਟਾ ਕੇ ਕਸ਼ਮੀਰੀਆਂ ਦੇ ਹੱਕ ‘ਤੇ ਡਾਕਾ ਮਾਰਿਆ ਗਿਆ ਹੈ, ਹੁਣ ਅਗਲੀ ਵਾਰੀ ਪੰਜਾਬ ਦੀ ਹੈ। ਖੁਲਾਸਾ ਕਰਦਿਆਂ ਖਹਿਰਾ ਨੇ ਕਿਹਾ ਕਿ ਸਤੰਬਰ ਵਿਚ ਤੈਅ ਯੋਜਨਾ ਮੁਤਾਬਕ ਸੁਪਰੀਮ ਕੋਰਟ ਪੰਜਾਬ ਦੇ ਪਾਣੀਆਂ ਦੇ ਖਿਲਾਫ ਫੈਸਲਾ ਲਵੇਗਾ ਅਤੇ ਪੰਜਾਬ ਦੇ ਪਾਣੀਆਂ ਨੂੰ ਖੋਹਣ ਦੀ ਤਿਆਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਲ ਹੀ ‘ਚ ਲੋਕ ਸਭਾ ‘ਚ ਇੰਟਰ ਸਟੇਟ ਵਾਟਰ ਡਿਸਟਰੀਬਿਊਟ ਬਿੱਲ ਪਾਸ ਕੀਤਾ ਗਿਆ ਸੀ ਅਤੇ ਯੋਜਨਾ ਅਨੁਸਾਰ ਇਸ ਦਾ ਨਾ ਤਾਂ ਅਖੌਤੀ ਅਕਾਲੀ ਅਤੇ ਨਾ ਹੀ ਪੰਜਾਬ ਦੇ 13 ਐੱਮ.ਪੀਜ਼ ‘ਚੋਂ ਕਿਸੇ ਨਾ ਵੀ ਇਸ ਦਾ ਵਿਰੋਧ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਬਿੱਲ ਤਹਿਤ ਕਿਸੇ ਵੀ ਸੂਬੇ ਦੇ ਪਾਣੀਆਂ ‘ਤੇ ਫੈਸਲਾ ਕੇਂਦਰ ਹੀ ਲੈ ਸਕਦਾ ਹੈ ਅਤੇ ਇਸੇ ਦੇ ਤਹਿਤ ਪੰਜਾਬ ਦਾ ਪਾਣੀ ਖੋਹਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਭਵਿੱਖ ‘ਚ ਜਦੋਂ ਸੁਪਰੀਮ ਕੋਰਟ ਵਿਚ ਪੰਜਾਬ ਦੇ ਪਾਣੀਆਂ ਦੇ ਮੁੱਦੇ ‘ਤੇ ਬਹਿਸ ਹੋਵੇਗੀ ਤਾਂ ਇਹ ਆਖਿਆ ਜਾਵੇਗਾ ਕਿ ਪੰਜਾਬ ਕੋਲ ਪਹਿਲਾਂ ਹੀ ਨਹੀਂ ਇੰਨਾ ਪਾਣੀ ਹੈ ਕਿ ਉਥੇ ਹੜ੍ਹ ਆ ਰਹੇ ਹਨ ਇਸ ਲਈ ਐੱਸ. ਵਾਈ. ਐੱਲ. ਨਹਿਰ ਕੱਢਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਖਹਿਰਾ ਨੇ ਕਿਹਾ ਕਿ ਬੀ. ਬੀ. ਐੱਮ. ਬੀ.ਦੇ ਚੇਅਰਮੈਨ ਡੀ. ਕੇ. ਸ਼ਰਮਾ ਆਖ ਰਹੇ ਹਨ ਕਿ ਇਹ ਕੁਦਰਤੀ ਆਫਤ ਹੈ ਅਤੇ ਭਾਖੜਾ ਡੈਮ ਦੇ ਪੱਧਰ ਨੂੰ ਠੀਕ ਰੱਖਣ ਲਈ ਉਨ੍ਹਾਂ ਨੂੰ ਪਾਣੀ ਛੱਡਣਾ ਪਿਆ ਹੈ ਅਤੇ ਉਨ੍ਹਾਂ ਵਲੋਂ ਭਾਖੜਾ ‘ਚੋਂ ਬਹੁਤ ਘੱਟ ਪਾਣੀ ਛੱਡਿਆ ਗਿਆ ਹੈ ਜਦਕਿ ਕਈ ਹੋਰ ਨਦੀਆਂ ਹਨ ਜਿਹੜੀਆਂ ਪਹਾੜਾਂ ‘ਚੋਂ ਸਿੱਧੀਆਂ ਸਤਲੁਜ ਵਿਚ ਮਿਲਦੀਆਂ ਹਨ ਉਨ੍ਹਾਂ ਦੇ ਵਹਾਅ ਕਾਰਨ ਪੰਜਾਬ ਵਿਚ ਹੜ੍ਹ ਆਏ ਹਨ। ਖਹਿਰਾ ਨੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਬਿਆਸ ਦਰਿਆ ਵਿਚ ਹੜ੍ਹ ਕਿਉਂ ਨਹੀਂ ਆਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਲਕਾ ਭੁਲੱਥ ਦਾ ਲਗਭਗ 40 ਕਿਲੋਮੀਟਰ ਇਲਾਕਾ ਬਿਆਸ ਦੇ ਅਧੀਨ ਆਉਂਦਾ ਹੈ ਜਦਕਿ ਉਥੇ ਅਜਿਹਾ ਕੁਝ ਨਹੀਂ ਹੋਇਆ। ਖਹਿਰਾ ਨੇ ਕਿਹਾ ਕਿ ਇਕ ਸਾਜ਼ਿਸ਼ ਦੇ ਤਹਿਤ ਭਾਖੜਾ ‘ਚੋਂ ਪਾਣੀ ਛੱਡਿਆ ਗਿਆ ਹੈ।
ਖੁਲਾਸਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ‘ਚ ਆਇਆ ਹੜ੍ਹ ਕੁਦਰਤੀ ਨਹੀਂ ਸਗੋਂ ਖੁਦ ਯੋਜਨਾਬੱਧ ਤਰੀਕੇ ਨਾਲ ਲਿਆਂਦਾ ਗਿਆ ਹੈ। ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਯੋਜਨਾ ਮੁਤਾਬਕ ਹੀ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਵੱਡੀ ਸਾਜ਼ਿਸ਼ ਪੰਜਾਬ ਖਿਲਾਫ ਲਾਮਬੰਦ ਕੀਤੀ ਜਾ ਰਹੀ ਹੈ, ਜਿਸ ਤੋਂ ਬਚਣ ਦੀ ਜ਼ਰੂਰਤ ਹੈ, ਜੇਕਰ ਸਮਾਂ ਰਹਿੰਦੇ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਲੋਕਾਂ ਦੇ ਮੁੱਢਲੇ ਹੱਕਾਂ ‘ਤੇ ਵੀ ਕੇਂਦਰ ਡਾਕਾ ਮਾਰ ਲਵੇਗਾ।