ਕੋਟਾਯਮ — ਇਕ ਸਥਾਨਕ ਅਦਾਲਤ ਨੇ 23 ਸਾਲਾ ਦਲਿਤ ਈਸਾਈ ਨੌਜਵਾਨ ਦੀ ਸਨਮਾਨ ਦੀ ਖਾਤਰ ਹੱਤਿਆ ਕਰਨ ਦੇ ਜ਼ੁਰਮ ’ਚ ਮੰਗਲਵਾਰ ਨੂੰ 10 ਦੋਸ਼ੀਆਂ ਨੂੰ ਦੋਹਰੀ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਘਟਨਾ ਦੇ ਵਿਰੋਧ ’ਚ ਪੂਰੇ ਸੂਬੇ ’ਚ ਪ੍ਰਦਰਸ਼ਨ ਹੋਇਆ ਸੀ। ਸੈਸ਼ਨ ਜੱਜ ਨੇ 22 ਅਗਸਤ ਨੂੰ ਆਪਣੇ ਫੈਸਲੇ ’ਚ ਕਿਹਾ ਕਿ ਕੇਵਿਨ ਪੀ. ਜੋਸੇਫ ਦੀ ਪਤਨੀ ਦੇ ਰਿਸ਼ਤੇਦਾਰਾਂ ਨੇ ਉਸ ਦਾ ਕਤਲ ਕੀਤਾ, ਜੋ ਆਨਰ ਕਿਲਿੰਗ ਦਾ ਮਾਮਲਾ ਹੈ। ਵਿਸ਼ੇਸ਼ ਸਰਕਾਰੀ ਵਕੀਲ ਸੀ.ਐੱਸ. ਅਜਯਨ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਰੇ 10 ਦੋਸ਼ੀ ਭਾਰਤੀ ਸਜ਼ਾ ਦੀਆਂ ਧਾਰਾਵਾਂ 302 (ਕਤਲ), 364 ਏ (ਫਿਰੌਤੀ ਲਈ ਅਗਵਾ) ਅਤੇ 506 (2) (ਅਪਰਾਧਕ ਧਮਕੀ ਲਈ ਸਜ਼ਾ) ਦੇ ਅਧੀਨ ਦੋਸ਼ੀ ਪਾਏ ਗਏ। ਉਨ੍ਹਾਂ ਨੂੰ ਦੋਹਰੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪ੍ਰਮੁੱਖ ਦੋਸ਼ੀ ਕੇਵਿਨ ਦਾ ਸਾਲਾ ਸਯਾਨੂੰ ਚਾਕੋ ਸਮੇਤ 3 ਲੋਕਾਂ ਨੂੰ ਆਈ.ਪੀ.ਸੀ ਦੀ ਧਾਰਾ 120 (ਬੀ) (ਅਪਰਾਧਕ ਸਾਜਿਸ਼) ਦੇ ਅਧੀਨ ਵੀ ਦੋਸ਼ੀ ਠਹਿਰਾਇਆ ਗਿਆ ਹੈ। ਇਸ ਮਾਮਲੇ ’ਚ 14 ਲੋਕ ਦੋਸ਼ੀ ਸਨ।
ਕੇਵਿਨ ਦੇ ਸਹੁਰੇ ਚਾਕੋ ਸਮੇਤ 4 ਲੋਕਾਂ ਨੂੰ ਸਬੂਤ ਦੀ ਕਮੀ ’ਚ ਬਰੀ ਕਰ ਦਿੱਤਾ ਗਿਆ। ਕੇਵਿਨ ਨੂੰ ਜ਼ਿਲੇ ਦੇ ਮੰਨਮ ’ਚ ਇਕ ਰਿਸ਼ਤੇਦਾਰ ਨਾਲ ਅਗਵਾ ਕਰ ਲਿਆ ਗਿਆ ਸੀ। ਇਸ ਘਟਨਾ ਨੂੰ ਲੈ ਕੇ ਰਾਜ ’ਚ ਵਿਰੋਧ ਪ੍ਰਦਰਸ਼ਨ ਹੋਏ ਸਨ। ਪੀੜਤ ਦੇ ਪਿਤਾ ਨੇ ਦੋਸ਼ ਲਗਾਇਆ ਸੀ ਕਿ ਪੁਲਸ ਦੀ ਲਾਪਰਵਾਹੀ ਕਾਰਨ ਹੀ ਉਨ੍ਹਾਂ ਦੇ ਬੇਟੇ ਦੀ ਮੌਤ ਹੋਈ, ਕਿਉਂਕਿ ਪੁਲਸ ਨੇ ਉਸ ਦੀ ਪਤਨੀ ਦੀ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਨਹੀਂ ਕੀਤੀ। ਕੇਵਿਨ ਦੀ ਲਾਸ਼ ਪਿਛਲੇ ਸਾਲ 28 ਮਈ ਨੂੰ ਕੋਲੱਮ ਜ਼ਿਲੇ ਦੇ ਚਲਿਆਕਾਰਾ ’ਚ ਇਕ ਨਦੀ ’ਚ ਮਿਲਿਆ ਸੀ। ਕੇਵਿਨ ਅਤੇ ਉਸ ਦੀ ਪਤਨੀ ਨੇ ਪਰਿਵਾਰ ਦੀ ਮਰਜ਼ੀ ਵਿਰੁੱਧ ਜਾ ਕੇ ਏਟੂਮਨੂੰਰ ਦੇ ਰਜਿਸਟਰਾਰ ਦਫ਼ਤਰ ’ਚ ਵਿਆਹ ਕੀਤਾ ਸੀ।