ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਮਰਹੂਮ ਅਰੁਣ ਜੇਤਲੀ ਦੇ ਘਰ ਜਾ ਕੇ ਸ਼ਰਧਾਜਲੀ ਦਿੱਤੀ ਅਤੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ। ਮੋਦੀ ਨੇ ਜੇਤਲੀ ਦੇ ਕੈਲਾਸ਼ ਕਾਲੋਨੀ ਸਥਿਤ ਘਰ ਪਹੁੰਚ ਕੇ ਪਹਿਲਾਂ ਮਰਹੂਮ ਨੇਤਾ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਜੇਤਲੀ ਦੀ ਪਤਨੀ, ਬੇਟੀ ਅਤੇ ਬੇਟੇ ਨਾਲ ਮਿਲ ਕੇ ਇਸ ਦੁੱਖ ਦੀ ਘੜੀ ਵਿਚ ਡੂੰਘੀ ਹਮਦਰਦੀ ਜ਼ਾਹਰ ਕੀਤੀ। ਇੱਥੇ ਦੱਸ ਦੇਈਏ ਕਿ ਜੇਤਲੀ ਦੇ ਦੇਹਾਂਤ ਦੇ ਸਮੇਂ ਵਿਦੇਸ਼ ਦੌਰੇ ’ਤੇ ਸਨ। ਮੋਦੀ 3 ਦੇਸ਼ਾਂ ਦੀ ਯਾਤਰਾ ਪੂਰੀ ਕਰ ਕੇ ਸੋਮਵਾਰ ਰਾਤ ਨੂੰ ਦਿੱਲੀ ਪਰਤੇ ਹਨ।
ਆਪਣੀ ਵਿਦੇਸ਼ ਯਾਤਰਾ ਦੌਰਾਨ ਮੋਦੀ ਨੇ ਅਰੁਣ ਜੇਤਲੀ ਦੀ ਪਤਨੀ ਸੰਗੀਤਾ ਅਤੇ ਪੁੱਤਰ ਰੋਹਨ ਨਾਲ ਫੋਨ ’ਤੇ ਗੱਲ ਕੀਤੀ ਸੀ ਅਤੇ ਸੋਗ ਜ਼ਾਹਰ ਕੀਤਾ ਸੀ। ਜੇਤਲੀ ਦੇ ਪਰਿਵਾਰ ਨੇ ਪੀ. ਐੱਮ. ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਆਪਣਾ ਵਿਦੇਸ਼ੀ ਦੌਰਾ ਰੱਦ ਨਹੀਂ ਕਰਨਾ ਚਾਹੀਦਾ। ਇਹ ਹੀ ਕਾਰਨ ਰਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਰੰਤ ਵਿਦੇਸ਼ ਤੋਂ ਵਾਪਸ ਨਹੀਂ ਪਰਤੇ ਸਨ। ਮੋਦੀ ਨੇ ਬਹਿਰੀਨ ’ਚ ਅਰੁਣ ਜੇਤਲੀ ਨੂੰ ਯਾਦ ਕਰਦਿਆਂ ਕਿਹਾ ਸੀ ਕਿ ਮੇਰਾ ਦੋਸਤ ਚਲਾ ਗਿਆ। ਮੋਦੀ ਇੱਥੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਮੰਚ ’ਤੇ ਭਾਵੁਕ ਹੋ ਗਏ ਅਤੇ ਆਪਣੇ ਦੋਸਤ ਨੂੰ ਯਾਦ ਕੀਤਾ।
ਪ੍ਰਧਾਨ ਮੰਤਰੀ ਦੇ ਪਹੁੰਚਣ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਘਰ ਪੁੱਜੇ। ਉਨ੍ਹਾਂ ਨੇ ਜੇਤਲੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਸੋਗ ਜ਼ਾਹਰ ਕੀਤਾ। ਇਸ ਤੋਂ ਪਹਿਲਾਂ ਸ਼ਾਹ ਨੇ ਅਰੁਣ ਜੇਤਲੀ ਨੂੰ ਉਨ੍ਹਾਂ ਦੇ ਘਰ, ਭਾਜਪਾ ਹੈੱਡਕੁਆਰਟਰ ਅਤੇ ਨਿਗਮਬੋਧ ਘਾਟ ’ਤੇ ਵੀ ਸ਼ਰਧਾਂਜਲੀ ਦਿੱਤੀ ਸੀ। ਇੱਥੇ ਦੱਸ ਦੇਈਏ ਕਿ ਅਰੁਣ ਜੇਤਲੀ ਦਾ ਲੰਬੀ ਬੀਮਾਰੀ ਤੋਂ ਬਾਅਦ 24 ਅਗਸਤ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੇ ਦਿੱਲੀ ਦੇ ਏਮਜ਼ ਵਿਚ ਆਖਰੀ ਸਾਹ ਲਿਆ।