ਸ਼ਿਮਲਾ—ਹਿਮਾਚਲ ਵਿਧਾਨ ਸਭਾ ਮਾਨਸੂਨ ਸੈਸ਼ਨ ਦੇ ਸੱਤਵੇਂ ਦਿਨ ਅੱਜ ਭਾਵ ਮੰਗਲਵਾਰ ਨੂੰ ਪ੍ਰਸ਼ਨਕਾਲ ਸ਼ੁਰੂ ਹੁੰਦੇ ਹੀ ਕਾਂਗਰਸ ਨੇ ਹੰਗਾਮਾ ਕੀਤਾ। ਕਾਂਗਰਸ ਨੇਤਾ ਮੁਕੇਸ਼ ਅਗਨੀਹੋਤਰੀ ਨੇ ਯਾਤਰੀ ਵਿਕਾਸ ਨਿਗਮ ਦੇ ਹੋਟਲਾਂ ਨੂੰ ਵੇਚੇ ਜਾਣ ਦਾ ਮਾਮਲਾ ਚੁੱਕਦਿਆਂ ਹੋਇਆ ਚਰਚਾ ਦੀ ਮੰਗ ਕੀਤੀ। ਅਗਨੀਹੋਤਰੀ ਨੇ ਕਿਹਾ ਕਿ ਸਾਜ਼ਿਸ਼ ਤਹਿਤ ਨਿਗਮ ਦੀ ਸੰਪੱਤੀ ਨੂੰ ਵੇਚਣ ਦਾ ਕੰਮ ਹੋ ਰਿਹਾ ਹੈ। ਦੂਜੇ ਪਾਸੇ ਸੱਤਾ ਪੱਖ ਨੇ ਕਾਂਗਰਸ ਪਾਰਟੀ ’ਤੇ ਆਪਣੇ ਕਾਰਜਕਾਲ ਦੌਰਾਨ ਹਿਮਾਚਲ ਦੇ ਹਿੱਤਾਂ ਨੂੰ ਵੇਚਣ ਦਾ ਦੋਸ਼ ਲਗਾਇਆ। ਇਸ ’ਤੇ ਦੋਵੇ ਪੱਖ ਸਦਨ ’ਚ ਇੱਕ-ਦੂਜੇ ਖਿਲਾਫ ਨਾਅਰੇਬਾਜ਼ੀ ਕਰਨ ਲੱਗੇ।
ਵਿਧਾਨ ਸਭਾ ਸਪੀਕਰ ਨੇ ਸਦਨ ਦੀ ਕਾਰਵਾਈ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਪਰ ਵਿਰੋਧੀ ਵੱਲੋਂ ਨਾਅਰੇਬਾਜ਼ੀ ਜਾਰੀ ਰਹੀ। ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਨਿਯਮ 67 ਮੁਲਤਵੀ ਪ੍ਰਸਤਾਵ ਤਹਿਤ ਜੋ ਮੰਗ ਕੀਤੀ ਹੈ ਉਸ ’ਤੇ ਹੁਣ ਵੀ ਫੈਸਲਾ ਨਹੀਂ ਲਿਆ ਹੈ। ਸਪੀਕਰ ਦੇ ਜਵਾਬ ਤੋਂ ਅਸਤੁੰਸ਼ਟ ਕਾਂਗਰਸ ਮੈਂਬਰ ਭੜਕ ਗਏ ਅਤੇ ਹੰਗਾਮੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਸਦਨ ਤੋਂ ਵਾਕਆਊਟ ਕਰ ਦਿੱਤਾ।
ਵਿਰੋਧੀ ਧਿਰ ਦੀ ਨਾਅਰੇਬਾਜ਼ੀ ਦੌਰਾਨ ਸੀ. ਐੱਮ. ਜੈਰਾਮ ਠਾਕੁਰ ਨੇ ਕਿਹਾ ਕਿ ਗਲਤੀ ਨਾਲ ਵੈੱਬਸਾਈਟ ’ਚ ਇਹ ਜਾਣਕਾਰੀ ਪਾਈ ਗਈ ਸੀ ਪਰ ਹੋਟਲਾਂ ਨੂੰ ਵੇਚਣ ਦਾ ਸਵਾਲ ਹੀ ਖੜ੍ਹਾ ਨਹੀਂ ਹੁੰਦਾ ਹੈ। ਇਸ ਮਾਮਲੇ ’ਤੇ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ ਹੈ।
ਇਹ ਹੈ ਪੂਰਾ ਮਾਮਲਾ—
ਦਰਅਸਲ ਪ੍ਰਸਤਾਵਿਤ ਇਨਵੈਸਟਰ ਮੀਟ ਨੂੰ ਲੈ ਕੇ ਬਣਾਈ ਗਈ ਵੈੱਬਸਾਈਟ ‘ਦ ਰਾਈਜ਼ਿੰਗ ਹਿਮਾਚਲ’ ’ਚ ਯਾਤਰੀ ਵਿਭਾਗ ਨੇ ਇੱਕ ਬ੍ਰੋਸ਼ਰ ਅਪਲੋਡ ਕੀਤਾ, ਜਿਸ ’ਚ ਐੱਚ. ਪੀ. ਟੀ. ਡੀ. ਸੀ ਨੂੰ ਹੋਟਲਾਂ ਨੂੰ ਲੀਜ਼ ’ਤੇ ਦੇਣ ਦੀ ਗੱਲ ਕੀਤੀ ਗਈ। ਇਸ ’ਚ ਲਗਭਗ 14 ਹੋਟਲਾਂ ਦੇ ਨਾਂ ਸਨ, ਜਿਸ ’ਚ ਸੋਲਨ ਦਾ ਮਸ਼ਹੂਰ ਹੋਟਲ ਚਾਈਲ ਵੀ ਸ਼ਾਮਲ ਹੈ। ਇਸ ਗੱਲ ਦਾ ਪਤਾ ਲੱਗਦੇ ਹੀ ਵਿਰੋਧੀ ਧਿਰ ਨੇ ਹੰਗਾਮਾ ਕੀਤਾ। ਸਰਕਾਰ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਬ੍ਰੋਸ਼ਰ ਪੋਰਟਲ ’ਤੇ ਕਿਵੇ ਆਇਆ।
ਕਾਂਗਰਸ ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਸਰਕਾਰ ਸੂਬੇ ਨੂੰ ਵੇਚਣ ਜਾ ਰਹੀ ਹੈ। ਇਸ ਦੇ ਨਾਲ ਹੀ ਲੈਂਡ ਸੀਲਿੰਗ ਐਕਟ ’ਚ ਵੀ ਬਦਲਾਅ ਦੀ ਤਿਆਰੀ ਕੀਤੀ ਜਾ ਰਹੀ ਹੈ। ਇਨਵੈਸਟਰ ਮੀਟ ਦੇ ਬਹਾਨੇ ਸਰਕਾਰ ਸੂਬੇ ਦੇ ਹੋਟਲਾਂ ਨੂੰ ਗੁਪਤ ਤਰੀਕੇ ਨਾਲ ਵੇਚਣ ਜਾ ਰਹੀ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਬ੍ਰੋਸ਼ਰ ’ਚ ਸੋਲਨ ਦੇ ਚਾਈਲ ਦਾ ਮਸ਼ਹੂਰ ਹੋਟਲ ‘ਦ ਚਾਈਲ ਪੈਲੇਸ’ ਤੋਂ ਇਲਾਵਾ ਅੰਬਾਲਾ, ਮਨਾਲੀ, ਚੰਬਾ, ਕਾਗੜਾ ਅਤੇ ਮੰਡੀ ਦੇ ਕੁੱਲ 14 ਹੋਟਲਾਂ ਨੂੰ ਲੀਜ਼ ’ਤੇ ਦੇਣ ਦਾ ਜ਼ਿਕਰ ਕੀਤਾ ਗਿਆ ਸੀ, ਜਿਸ ਦੀ ਲੀਜ਼ 33 ਕਰੋੜ ਤੋਂ 250 ਕਰੋੜ ਰੁਪਏ ਰੱਖੀ ਗਈ ਸੀ। ਇਸ ’ਤੇ ਹੁਣ ਹੰਗਾਮਾ ਮਚਿਆ ਹੋਇਆ ਹੈ।