ਨਵੀਂ ਦਿੱਲੀ— ਦੇਸ਼ ਦੇ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਤੋਂ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਵਾਪਸ ਲੈ ਕੇ ਰਹਾਂਗੇ। ਪਾਕਿਸਤਾਨ ਨਾਲ ਹੁਣ ਸਿਰਫ ’ਤੇ ਸਿਰਫ ਪੀ. ਓ. ਕੇ. ’ਤੇ ਹੀ ਗੱਲਬਾਤ ਹੋਵੇਗੀ। ਕਸ਼ਮੀਰ ਭਾਰਤ ਦਾ ਅਨਿਖੜਵਾ ਅੰਗ ਹੈ। ਪੂਰਾ ਕਸ਼ਮੀਰ ਸਾਡਾ ਹੈ, ਪੀ. ਓ. ਕੇ. ਵੀ ਸਾਡਾ ਹੈ। ਨਾਇਡੂ ਨੇ ਇਹ ਵੀ ਕਿਹਾ ਕਿ ਅਸੀਂ ਸ਼ਾਂਤੀ ਪਸੰਦ ਲੋਕ ਹਾਂ, ਅਸੀਂ ਜੰਗ ਨਹੀਂ ਚਾਹੁੰਦੇ। ਨਾਇਡੂ ਨੇ ਇਹ ਗੱਲ ਵਿਸ਼ਾਖਾਪੱਟਨਮ ’ਚ ਜਲ ਸੈਨਾ ਵਿਗਿਆਨ ਅਤੇ ਤਕਨਾਲੋਜੀ ਪ੍ਰਯੋਗਸ਼ਾਲਾ ਦੀ ਗੋਲਡੀ ਜੁਬਲੀ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਆਖੀ।
ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਕਿਹਾ ਸੀ ਕਿ ਹੁਣ ਪਾਕਿਸਤਾਨ ਨਾਲ ਸਿਰਫ ਪੀ. ਓ. ਕੇ. ’ਤੇ ਗੱਲਬਾਤ ਹੋਵੇਗੀ। ਇੱਥੋਂ ਤਕ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ’ਚ ਕਿਹਾ ਸੀ ਕਿ ਕਸ਼ਮੀਰ ਸਾਡਾ ਹੈ ਅਤੇ ਅਸੀਂ ਕਸ਼ਮੀਰ ਲਈ ਜਾਨ ਤਕ ਦੇ ਦੇਵਾਂਗੇ।