ਮਨੋਵਿਗਿਆਨੀ ਸਾਨੂੰ ਦੱਸਦੇ ਹਨ ਕਿ ਇਸ ਸੰਸਾਰ ਵਿਚਲਾ ਵਧੇਰੇ ਸੰਵਾਦ ਅਸ਼ਾਬਦਿਕ ਜਾਂ ਸੰਕੇਤਕ ਹੁੰਦਾ ਹੈ। ਇਹ ਗੱਲ ਸੱਚ ਕਿਵੇਂ ਹੋ ਸਕਦੀ ਹੈ ਜਦੋਂ ਕਿ ਅਸੀਂ ਸਾਰੇ ਹੀ ਹਮੇਸ਼ਾ ਇੰਨਾ ਜ਼ਿਆਦਾ ਬੋਲਦੇ ਰਹਿੰਦੇ ਹਾਂ? ਕਿਉਂਕਿ ਲੋਕ ਬਹੁਤ ਹੀ ਘੱਟ ਉਹ ਕਹਿੰਦੇ ਹਨ ਜੋ ਉਹ ਅਸਲ ਵਿੱਚ ਕਹਿਣਾ ਚਾਹੁੰਦੇ ਹਨ। ਸੱਚ ਦੀ ਤਹਿ ਤਕ ਪਹੁੰਚਣ ਅਤੇ ਉਨ੍ਹਾਂ ਦੇ ਮਨ ਦੀ ਸਹੀ ਦਸ਼ਾ ਨੂੰ ਸਮਝਣ ਲਈ ਸਾਨੂੰ ਉਨ੍ਹਾਂ ਦੀ ਗੱਲਬਾਤ ਦੇ ਲਹਿਜੇ ਨੂੰ ਚੰਗੀ ਤਰ੍ਹਾਂ ਸਮਝਣਾ ਪੈਂਦੈ, ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਘੋਖਣੇ ਪੈਂਦੇ ਨੇ ਅਤੇ ਆਪਣਾ ਸਾਰਾ ਅਦਬ ਭੁਲਾਣਾ ਪੈਂਦੈ। ਅਸੀਂ ਅਕਸਰ ਹੀ ਆਪਣੇ ਸਾਰੇ ਪੱਤੇ ਖੋਲ੍ਹ ਕੇ ਮੇਜ਼ ‘ਤੇ ਰੱਖਣੋਂ ਡਰਦੇ ਹਾਂ ਕਿ ਮਤਾਂ ਕਿਤੇ ਅਸੀਂ ਗ਼ਲਤੀ ਨਾਲ ਆਪਣੇ ਮਨ ਅੰਦਰ ਛੁਪੇ ਏਜੰਡੇ ਨੂੰ ਹੀ ਨਸ਼ਰ ਨਾ ਕਰ ਬੈਠੀਏ। ਤਾਂ ਹੀ ਤਾਂ ਸਾਨੂੰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਇਸ ਸੰਸਾਰ ਵਿੱਚ ਕੋਈ ਵੀ ਬੰਦਾ ਕਿਸੇ ਦੂਸਰੇ ਨੂੰ ਬਿਲਕੁਲ ਵੀ ਨਹੀਂ ਸਮਝਦਾ। ਛੇਤੀ ਹੀ, ਪਰ, ਤੁਹਾਨੂੰ ਆਪਣੇ ਕਿਸੇ ਬਹੁਤ ਹੀ ਨੇੜਲੇ ਸਾਥੀ ਦੇ ਦਿਲ-ਓ-ਦਿਮਾਗ਼ ਅੰਦਰ ਅਰਥਪੂਰਨ ਝਾਤ ਮਾਰਨ ਦਾ ਮੌਕਾ ਮਿਲੇਗਾ। ਇਹ ਮੌਕਾ ਦੋਪਾਸੜ ਹੋਵੇਗਾ ਜਾਂ ਨਹੀਂ, ਇਸ ਬਾਰੇ ਤਾਂ ਕੁੱਝ ਵੀ ਕਹਿਣਾ ਮੁਸ਼ਕਿਲ ਹੈ, ਪਰ ਤੁਸੀਂ ਓਨਾ ਜ਼ਰੂਰ ਜਾਣ ਜਾਓਗੇ ਜਿਸ ਨਾਲ ਤੁਹਾਡੀ ਉਸ ਨੂੰ ਪ੍ਰਾਪਤ ਕਰਨ ਦੀ ਕਾਬਲੀਅਤ ਵੱਧ ਜਾਵੇਗੀ ਜੋ ਤੁਹਾਨੂੰ ਚਾਹੀਦੈ।

ਨਿਰਾਸ਼ਾ ਤੋਂ ਬਚਣ ਦਾ ਇੱਕ ਚੰਗਾ ਢੰਗ ਹੈ ਆਪਣੀਆਂ ਆਸਾਂ-ਉਮੀਦਾਂ ਨੂੰ ਨਿਵਾ ਕੇ ਰੱਖਣਾ। ਅਸਫ਼ਲਤਾ ਤੋਂ ਬਚਣ ਦਾ ਇੱਕ ਵਧੀਆ ਤਰੀਕਾ ਹੈ ਸਫ਼ਲਤਾ ਹਾਸਿਲ ਕਰਨ ਦੇ ਸਾਰੇ ਵਿਚਾਰ ਆਪਣੇ ਮਨ ‘ਚੋਂ ਕੱਢ ਦੇਣੇ। ਬਹੁਤ ਸਾਰੇ ਲੋਕ ਇਸ ਨੀਤੀ ਦੀ ਪਾਲਣਾ ਕਰਦੇ ਹਨ। ਇਹ ਉਨ੍ਹਾਂ ਨੂੰ ਸੁਖਾਵਾਂ ਮਹਿਸੂਸ ਕਰਾਉਂਦੀ ਹੈ, ਭਾਵੇਂ ਇਹ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਬਹੁਤਾ ਕੁੱਝ ਹਾਸਿਲ ਕਰਨ ਤੋਂ ਵੀ ਵਰਜਦੀ ਹੈ। ਬਹੁਤ ਹੀ ਘੱਟ ਲੋਕਾਂ ਨੂੰ, ਪਰ, ਇਹ ਖ਼ਿਆਲ ਆਕਰਸ਼ਕ ਲੱਗਦੈ। ਤੁਸੀਂ ਵੀ ਆਮ ਤੌਰ ‘ਤੇ ਬਿਨਾ ਸੰਘਰਸ਼ ਕੀਤੇ ਹੌਸਲਾ ਹਾਰਨ ਦੀ ਬਜਾਏ ਕੋਸ਼ਿਸ਼ ਕਰਨਾ ਵਧੇਰੇ ਪਸੰਦ ਕਰਦੇ ਹੋ, ਬੇਸ਼ੱਕ ਤੁਸੀਂ ਉਸ ਕੋਸ਼ਿਸ਼ ਵਿੱਚ ਮੂੰਹ ਦੇ ਭਾਰ ਹੀ ਕਿਉਂ ਨਾ ਡਿਗ ਪਵੋ। ਜੇਕਰ ਤੁਹਾਨੂੰ ਇਸ ਵਕਤ ਅੱਧਾ-ਪਚੱਦਾ ਵੀ ਇਹ ਸ਼ੱਕ ਹੈ ਕਿ ਤੁਸੀਂ ਐਵੇਂ ਖੋਖਲੀ ਕੋਸ਼ਿਸ਼ ਕਰ ਰਹੇ ਹੋ, ਫ਼ਿਰ ਵੀ ਉਹ ਜ਼ਰੂਰ ਕਰੋ। ਕੋਈ ਵੀ ਸਾਕਾਰਾਤਮਕ ਪ੍ਰਗਤੀ ਤੁਹਾਡਾ ਦਿਮਾਗ਼ ਬਦਲਣ ਅਤੇ ਤੁਹਾਡਾ ਦਿਲ ਜਾਇਜ਼ ਉਮੀਦ ਨਾਲ ਭਰਨ ਦੀ ਸੰਭਾਵਨਾ ਰੱਖਦੀ ਹੈ।

ਤੁਹਾਨੂੰ ਜਾਪਦੈ ਕਿ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਸ਼ੈਅ ਦੀ ਕਮੀ ਹੈ, ਪਰ ਜੇ ਇਹ ਪੈਸਾ ਨਹੀਂ ਤਾਂ ਫ਼ਿਰ ਇਹ ਵਕਤ ਵੀ ਨਹੀਂ ਹੋ ਸਕਦਾ। ਫ਼ਿਰ ਇਹ ਹੈ ਕੀ ਚੀਜ਼? ਇਹ ਹੈ ਭਾਵਨਾਤਮਕ ਚੈਨ। ਤੁਸੀਂ ਹਤਾਸ਼ ਮਹਿਸੂਸ ਕਰ ਰਹੇ ਹੋ। ਕੋਈ ਚੀਜ਼ ਇੱਕ ਖ਼ਾਸ ਢੰਗ ਨਾਲ ਹੋਣੀ ਚਾਹੀਦੀ ਹੈ – ਪਰ ਫ਼ਿਰ ਵੀ, ਆਪਣੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਤੁਸੀਂ ਉਸ ਨੂੰ ਸਰਅੰਜਾਮ ਨਹੀਂ ਦੇ ਪਾ ਰਹੇ। ਸਭ ਕੁੱਝ ਬਹੁਤ ਹੀ ਅਨਿਆਂਪੂਰਨ ਲੱਗ ਰਿਹੈ। ਪਰ ਕਹਾਣੀ ਤਾਂ ਹਾਲੇ ਬਾਕੀ ਐ ਯਾਰ! ਨਾਟਕ ਕਿਸੇ ਵੀ ਪੱਖੋਂ ਹਾਲੇ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋਇਆ। ਇਹ ਹੋ ਸਕਦੈ ਕਿ ਤੁਸੀਂ ਕਿਸੇ ਕਿਸਮ ਦੇ ਜਾਮ ਵਿੱਚ ਫ਼ੱਸ ਗਏ ਹੋਵੋ, ਪਰ ਤੁਹਾਡੀ ਸੜਕ ਇੱਥੇ ਖ਼ਤਮ ਨਹੀਂ ਹੁੰਦੀ। ਤੁਸੀਂ ਇੱਕ ਨਵੇਂ, ਦਿਲਚਸਪ ਅਤੇ ਸਾਹਸਿਕ ਕਾਰਜ ਨੂੰ ਸ਼ੁਰੂ ਕਰਨ ਵਾਲੇ ਹੋ। ਤੁਹਾਡੇ ਜੀਵਨ ਦੇ ਅਗਲੇ ਪੜਾਅ ਦੌਰਾਨ, ਹੋਰ ਬਹੁਤ ਕੁੱਝ ਵੀ ਉਸੇ ਤਰ੍ਹਾਂ ਹੀ ਹੋਵੇਗਾ ਜਿਵੇਂ ਤੁਹਾਨੂੰ ਪੁਗਦੈ ਅਤੇ ਤੁਹਾਡੇ ਲਈ ਚੰਗੈ।

ਸਿਧਾਂਤਕ ਰੂਪ ਵਿੱਚ, ਮੌਕਿਆਂ ਦੀ ਧੁੱਪ ਨੂੰ ਉਜਾਗਰ ਕਰਨ ਲਈ ਮੁਸੀਬਤਾਂ ਦੇ ਪਾਣੀ ਲਹਿ ਜਾਂਦੇ ਹਨ ਅਤੇ ਤਨਾਅ ਦੇ ਤੂਫ਼ਾਨੀ ਬੱਦਲ ਛੱਟ ਜਾਂਦੇ ਨੇ। ਪਰ ਕੀ ਵਿਵਹਾਰਕ ਰੂਪ ਵਿੱਚ ਵੀ ਇੰਝ ਹੀ ਹੁੰਦੈ? ਖ਼ੈਰ, ਕਈ ਵਾਰ, ਜਦੋਂ ਅਸੀਂ ਕਿਸੇ ਹੈਰਾਨੀਜਨਕ ਘਟਨਾ ਨਾਲ ਦੋ-ਚਾਰ ਹੁੰਦੇ ਹਾਂ ਤਾਂ ਸ਼ੁਰੂ ਸ਼ੁਰੂ ਵਿੱਚ ਸਾਨੂੰ ਸਭ ਕੁੱਝ ਠੀਕ ਹੀ ਲੱਗਦੈ। ਇਹ ਤਾਂ ਜਦੋਂ ਕੁੱਝ ਚਿਰ ਬਾਅਦ ਸਾਨੂੰ ਅਹਿਸਾਸ ਹੁੰਦੈ ਕਿ ਸਾਡੇ ਨਾਲ ਕੀ ਬੀਤੀ ਸੀ ਕਿ ਅਸੀਂ ਆਪਣੀ ਕੁਵੇਲੀ ਪ੍ਰਤੀਕਿਰਿਆ ਦਿੰਦੇ ਹਾਂ। ਲਗਦੈ ਤੁਹਾਡੀ ਜ਼ਿੰਦਗੀ ਵਿੱਚ ਵੀ ਕੁੱਝ ਅਜਿਹਾ ਹੀ ਵਾਪਰਣ ਵਾਲਾ ਹੈ। ਤੁਹਾਨੂੰ ਤੁਹਾਡੀਆਂ ਸੱਚੀਆਂ ਭਾਵਨਾਵਾਂ ਬਾਰੇ ਹਾਲਾਤ ਨੇ ਬਹੁਤ ਕੁੱਝ ਦਿਖਾਇਆ ਹੈ ਅਤੇ ਤੁਹਾਡੇ ਸੰਸਾਰ ਵਿਚਲੇ ਲੋਕਾਂ ਦੇ ਅਸਲੀ ਇਰਾਦਿਆਂ ਬਾਰੇ ਵੀ। ਇਸ ਸਭ ਨੂੰ ਹਜ਼ਮ ਕਰਨ ਵਿੱਚ ਤੁਹਾਨੂੰ ਥੋੜ੍ਹਾ ਵਕਤ ਲੱਗ ਸਕਦੈ, ਪਰ ਛੇਤੀ ਹੀ ਤੁਸੀਂ ਉਸ ਸਭ ਤੋਂ ਪ੍ਰਸੰਨ ਹੋਵੇਗੇ ਜੋ ਤਬਦੀਲ ਹੋ ਚੁੱਕੈ।

ਆ ਪਿਆ ਜੇ ਤੁਹਾਡਾ ਮੌਕਾ। ਕੀ ਤੁਸੀਂ ਇਸ ਨੂੰ ਬੋਚਣ ਲਈ ਤਿਆਰ ਹੋ? ਜੇਕਰ ਨਹੀਂ ਵੀ ਹੋ ਤਾਂ ਚਿੰਤਾ ਨਾ ਕਰੋ ਕਿਉਂਕਿ ਇਹ ਤੁਹਾਡਾ ਮੌਕਾ ਨਹੀਂ ਸੀ … ਘੱਟੋਘੱਟ ਹਾਲੇ ਨਹੀਂ। ਸਹੀ ਸੰਕੇਤ ਲਈ ਆਪਣੀਆਂ ਅੱਖਾਂ ਅਤੇ ਕੰਨ ਖੁਲ੍ਹ ਰੱਖੋ। ਜਦੋਂ ਤੁਹਾਨੂੰ ਤੁਹਾਡਾ ਇਸ਼ਾਰਾ ਮਿਲੇਗਾ ਤਾਂ ਕਿਸੇ ਕਿਸਮ ਦੇ ਭੁਲੇਖਾ ਦੀ ਕੋਈ ਗੁੰਜਾਇਸ਼ ਨਹੀਂ ਹੋਵੇਗੀ। ਨਾ ਹੀ ਤੁਹਾਡੇ ਵਲੋਂ ਪ੍ਰਤੀਕਿਰਿਆ ਦਿਖਾਉਣ ਵਿੱਚ ਕਿਸੇ ਕਿਸਮ ਦੀ ਘੌਲ ਹੋਵੇਗੀ। ਕੋਈ ਸ਼ੈਅ ਤੁਹਾਡੇ ਅੰਦਰੋਂ ਹੀ ਊਰਜਾ ਹਾਸਿਲ ਕਰੇਗੀ, ਭਾਵੇਂ ਤੁਸੀਂ ਕਿੰਨੇ ਵੀ ਜ਼ਿਆਦਾ ਹੰਭੇ ਹੋਏ ਕਿਉਂ ਨਾ ਹੋਵੋ। ਕੋਈ ਹੋਰ ਤੁਹਾਡੀ ਯੋਜਨਾ ਵਿਚਲੀ ਸੂਝ ਨੂੰ ਪਹਿਚਾਣ ਲਵੇਗਾ, ਭਾਵੇਂ ਤੁਸੀਂ ਕਿੰਨੀ ਵੀ ਜ਼ਿਆਦਾ ਉਲਝਣ ਵਿੱਚ ਕਿਉਂ ਨਾ ਹੋਵੋ। ਕਿਰਪਾ ਕਰ ਕੇ, ਇਸ ਗੱਲ ਦਾ ਯਕੀਨ ਰੱਖੋ ਕਿ ਆਸਮਾਨ ਤੁਹਾਡੇ ਹੱਕ ਵਿੱਚ ਖੜ੍ਹੈ, ਅਤੇ ਇਸ ਦਾ ਵੀ ਕਿ ਉਹ ਤੁਹਾਨੂੰ ਇੱਕ ਬਹੁਤ ਹੀ ਬਾਵਕਤ ਤੋਹਫ਼ਾ ਦੇਣ ਵਾਲੈ!