ਨਵੀਂ ਦਿੱਲੀ ਗੁਜਰਾਤ ਦੇ ਅਹਿਮਦਾਬਾਦ ‘ਚ ਵਿਸ਼ਵ ਦਾ ਸਭ ਤੋਂ ਵੱਡਾ ਸਟੇਡੀਅਮ ਤਿਆਰ ਹੋ ਚੁੱਕਿਆ ਹੈ। 63 ਏਕੜ ਜ਼ਮੀਨ ‘ਚ ਬਣੇ ਇਸ ਸਟੇਡੀਅਮ ‘ਚ 700 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਸਟੇਡੀਅਮ ‘ਚ ਇਕ ਲੱਖ 10 ਹਜ਼ਾਰ ਲੋਕ ਬੈਠ ਕੇ ਕ੍ਰਿਕਟ ਦਾ ਮੈਚ ਦੇਖ ਸਕਦੇ ਹਨ। ਇਸ ਸਟੇਡੀਅਮ ਦਾ ਉਦਘਾਟਨ ਹੋਣ ਤੋਂ ਬਾਅਦ ਵਿਸ਼ਵ ਕ੍ਰਿਕਟ ਨੂੰ ਅਹਿਮਦਾਬਾਦ ਵਲੋਂ ਇਕ ਨਵਾਂ ਨਜ਼ਰਾਨਾ ਮਿਲੇਗਾ।
ਜ਼ਿਕਰਯੋਗ ਹੈ ਕਿ ਇਹ ਸਭ ਤੋਂ ਵੱਡਾ ਸਟੇਡੀਅਮ ਸ਼ਹਿਰ ਦੇ ਮੋਟੇਰਾ ਇਲਾਕੇ ‘ਚ ਤਿਆਰ ਹੋਇਆ ਹੈ। ਜਿਸਦਾ ਨਾਂ ਸਰਦਾਰ ਪਟੇਲ ਗੁਜਰਾਤ ਸਟੇਡੀਅਮ ਰੱਖਿਆ ਗਿਆ ਹੈ। ਇਕ ਲੱਖ 10 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲਾ ਇਹ ਸਟੇਡੀਅਮ ਆਸਟਰੇਲੀਆ ਦੇ ਮੈਲਬੋਰਨ ਕ੍ਰਿਕਟ ਗਰਾਊਂਡ ਤੋਂ ਵੀ ਵੱਡਾ ਹੋਵੇਗਾ। ਇਸ ਸਟੇਡੀਅਮ ਦੀ ਖਾਸ ਗੱਲ ਇਹ ਹੈ ਕਿ 63 ਏਕੜ ਜ਼ਮੀਨ ‘ਤੇ ਬਣਾਇਆ ਗਿਆ ਹੈ।
ਇਹ ਹਨ ਸਟੇਡੀਅਮ ਦੀਆਂ ਖਾਸ ਗੱਲਾਂ
1. ਵਿਸ਼ਵ ਦੇ ਸਭ ਤੋਂ ਵੱਡੇ ਸਟੇਡੀਅਮ ‘ਚ ਤਿੰਨ ਪਰੈਕਟਿਸ ਗਰਾਊਂਡ, ਕਲੱਬ ਹਾਊਸ, ਓਲੰਪਿਕ ਸਾਈਜ਼ ਸਵਿਮਿੰਗ ਪੂਲ ਤੇ ਇਕ ਇੰਡੋਰ ਕ੍ਰਿਕਟ ਅਕਾਦਮੀ ਵੀ ਬਣਾਈ ਗਈ ਹੈ।
2. ਸਟੇਡੀਅਮ ਦੀ ਬਣਤਰ ਇਸ ਤਰ੍ਹਾਂ ਦੀ ਹੈ ਕਿ ਜਦੋਂ ਵੀ ਕੋਈ ਖਿਡਾਰੀ ਬਾਊਂਡਰੀ ਮਾਰੇ ਤਾਂ ਸਟੇਡੀਅਮ ‘ਚ ਬੈਠਣ ਵਾਲਾ ਹਰ ਕ੍ਰਿਕਟ ਪ੍ਰੇਮੀ ਉਸ ਬਾਊਂਡਰੀ ਨੂੰ ਦੇਖ ਸਕੇਗਾ।
3. ਕਾਰ ਤੇ ਸਕੂਟਰ ਦੀ ਪਾਰਕਿੰਗ ਵਿਵਸਥਾ ਕੀਤੀ ਗਈ ਹੈ। ਜਿਸ ‘ਚ 4 ਹਜ਼ਾਰ ਕਾਰ ਤੇ 10 ਹਜ਼ਾਰ ਮੋਟਰਸਾਈਕਲ ਜਾਂ ਸਕੂਟਰ ਦੀ ਪਾਰਕਿੰਗ ਦੀ ਸਮਰੱਥਾ ਹੈ।
4. ਇਸ ਤੋਂ ਇਲਾਵਾ 75 ਕਾਰਪੋਰੇਟ ਬਾਕਸ ਬਣਾਏ ਗਏ ਹਨ।
5. ਪਹਿਲੀ ਵਾਰ ਕਿਸੇ ਸਟੇਡੀਅਮ ‘ਚ ਐੱਲ. ਈ. ਡੀ. ਲਾਈਟਾਂ ਲਗਾਈਆਂ ਜਾਣਗੀਆਂ।
6. ਸਟੇਡੀਅਮ ਦੇ ਕੋਲ ਮੈਟਰੋ ਲਾਈਨ ਵੀ ਹੈ।
7. ਸਟੇਡੀਅਮ ‘ਚ ਅੰਦਰ ਤੇ ਬਾਹਰ ਜਾਣ ਦੇ ਲਈ ਅਲੱਗ-ਅਲੱਗ ਪ੍ਰਬੰਧ ਕੀਤੇ ਗਏ ਹਨ।