ਨਵੀਂ ਦਿੱਲੀ— ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਬੌਖਲਾਇਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਭਾਰਤ ’ਚ ਗੁਜਰਾਤ ਦੇ ਕੱਛ ਤੋਂ ਘੁਸਪੈਠ ਕਰ ਸਕਦੇ ਹਨ। ਖੁਫੀਆ ਰਿਪੋਰਟਾਂ ਦੇ ਆਧਾਰ ’ਤੇ ਅੱਤਵਾਦੀ ਦੇ ਦਾਖਲ ਹੋਣ ਦੀ ਇਨਪੁਟ ਮਿਲਣ ਤੋਂ ਬਾਅਦ ਦਿੱਲੀ ਤੋਂ ਗੁਜਰਾਤ ਤਕ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲਸ ਤੋਂ ਲੈ ਕੇ ਜਲ ਸੈਨਾ ਅਤੇ ਥਲ ਸੈਨਾ ਸਾਰਿਆਂ ਨੂੰ ਅਲਰਟ ਰਹਿਣ ਨੂੰ ਕਿਹਾ ਗਿਆ ਹੈ। ਅੱਤਵਾਦੀ ਭਾਰਤ ’ਚ ਦਾਖਲ ਹੋ ਕੇ ਹਮਲੇ ਨੂੰ ਅੰਜ਼ਾਮ ਦੇ ਸਕਦੇ ਹਨ, ਜਿਸ ਦੇ ਮੱਦੇਨਜ਼ਰ ਬੰਦਰਗਾਹਾਂ ’ਤੇ ਭਾਰੀ ਸੁਰੱਖਿਆ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
ਦਰਅਸਲ ਗੁਜਰਾਤ ਕੋਸਟ ਗਾਰਡ ਨੂੰ ਇੰਟੈਲੀਜੈਂਸ ਤੋਂ ਸੂਚਨਾ ਮਿਲੀ ਹੈ ਕਿ ਅੱਤਵਾਦੀ ਕੱਛ ਦੀ ਖਾੜੀ ਵਿਚ ਦਾਖਲ ਹੋ ਸਕਦੇ ਹਨ। ਖੁਫੀਆ ਸੂਚਨਾ ਹੈ ਕਿ ਉਹ ਪਾਣੀ ਦੇ ਅੰਦਰ ਹਮਲਾ ਕਰਨ ’ਚ ਮਾਹਿਰ ਹਨ ਅਤੇ ਬੰਦਰਗਾਹ ਦੇ ਨਾਲ-ਨਾਲ ਜਹਾਜ਼ਾਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਸਕਦੇ ਹਨ। ਸੁਰੱਖਿਆ ਦੇ ਮੱਦੇਨਜ਼ਰ ਤੱਟੀ ਇਲਾਕਿਆਂ ਵਿਚ ਸਰਕਾਰੀ ਅਤੇ ਨਿੱਜੀ ਬੰਦਰਗਾਹਾਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਬੰਦਰਗਾਹ ਨਾਲ ਜੁੜੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਸ਼ੱਕੀਆਂ ਬਾਰੇ ਪਤਾ ਲੱਗਣ ’ਤੇ ਪ੍ਰਸ਼ਾਸਨ ਨੂੰ ਤੁਰੰਤ ਖਬਰ ਦਿੱਤੀ ਜਾਵੇ।