ਲੁਧਿਆਣਾ : ਪੰਜਾਬ ਦੇ ਫਰੀਦਕੋਟ ਜ਼ਿਲੇ ’ਚ 2015 ’ਚ ਵਾਪਰੇ ਬਰਗਾਡ਼ੀ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਅਤੇ ਬਹਿਬਲ ਗੋਲੀ ਕਾਂਡ ਦੀ ਰਿਪੋਰਟ ਦੀ ਜਾਂਚ ਨੂੰ ਦੇਖ ਕੇ ਲੱਗ ਨਹੀਂ ਰਿਹਾ ਕਿ ਸਚਾਈ ਜਲਦੀ ਜਗ ਜ਼ਾਹਰ ਹੋ ਜਾਵੇਗੀ। ਦੱਸ ਦਈਏ ਕਿ ਸੀ. ਬੀ. ਆਈ. ਨੂੰ ਇਹ ਜਾਂਚ ਸੌਂਪੀ ਗਈ ਪਰ ਪਿਛਲੇ ਦਿਨੀਂ ਵਾਪਰੀਆਂ ਘਟਨਾਵਾਂ ਅਤੇ ਜਾਂਚ ਅਧੀਨ ਸੀ. ਬੀ. ਆਈ. ਵਲੋਂ ਕਲੋਜ਼ਿੰਗ ਰਿਪੋਰਟ ਦੇਣ ਦੇ ਮਸਲੇ ਨੂੰ ਲੈ ਕੇ ਬੇਅਦਬੀ ਕਾਂਡ ਦੀ ਸਚਾਈ ਇਕ ਵਾਰ ਫਿਰ ਧੁੰਦਲੀ ਹੋ ਗਈ, ਜਿਸ ਨੂੰ ਲੈ ਕੇ ਸੱਤਾਧਾਰੀ ਕਾਂਗਰਸ ਪਾਰਟੀ ਦੇ ਵਿਧਾਇਕ, ਮੰਤਰੀਆਂ ਨੇ ਆਪਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਰਗਾਡ਼ੀ ਕਾਂਡ ਦੀ ਕਾਫੀ ਭਡ਼ਾਸ ਕੱਢੀ ਸੀ ਅਤੇ ਬਾਦਲਾਂ ਨਾਲ ਰਲੇ ਹੋਣ ਦੇ ਦੋਸ਼ ਤੱਕ ਲਾ ਦਿੱਤੇ ਪਰ ਹੁਣ ਫਿਰ ਸੀ. ਬੀ. ਆਈ. ਨੇ ਜਾਂਚ ਕਰਨ ਲਈ ਮਨਜ਼ੂਰੀ ਵਾਸਤੇ ਅਰਜ਼ੀ ਦੇ ਦਿੱਤੀ ਹੈ।
ਇਹ ਸਾਰੀ ਲੁਕਣਮੀਟੀ ਦੀ ਖੇਡ ਜੋ 2015 ਤੋਂ ਚੱਲਦੀ ਆ ਰਹੀ ਹੈ, ਨੂੰ ਦੇਖ-ਸੁਣ ਕੇ ਆਮ ਲੋਕ ਅਤੇ ਪੰਥਕ ਹਲਕੇ ਹੁਣ ਇਹ ਆਖਣ ਲੱਗ ਪਏ ਹਨ ਕਿ ਬਰਗਾਡ਼ੀ ਕਾਂਡ ਦੀ ਰਿਪੋਰਟ ਦੀ ਸਚਾਈ ਛੇਤੀ ਸਾਹਮਣੇ ਆਉਣਾ ਇਕ ਜਿੰਨ ਦੇ ਚਿਰਾਗ ’ਚੋਂ ਨਿਕਲਣ ਵਰਗਾ ਹੈ ਕਿਉਂਕਿ ਇਸ ’ਚ ਕਾਫੀ ਕੁਝ ਲੁਕਿਆ ਹੈ, ਜਿਸ ਨੂੰ ਉਜਾਗਰ ਕਰਨ ਲਈ ਬਹੁਤ ਕੁਝ ਕਰਨਾ ਪਵੇਗਾ। ਹੁਣ ਇਸ ਕਾਰਵਾਈ ’ਤੇ ਭਾਵੇਂ ਸੀ. ਬੀ. ਆਈ. ਨੇ ਮੁਡ਼ ਜਾਂਚ ਲਈ ਅਰਜ਼ੀ ਦੇ ਦਿੱਤੀ ਹੈ ਪਰ ਮਾਮਲਾ ਫਿਰ ਲੰਬਾ ਸਮੇਂ ਦੀ ਜਾਂਚ ਲਈ ਜਾ ਸਕਦਾ ਹੈ ਕਿਉਂਕਿ ਸਭ ਤੋਂ ਵੱਡੀ ਏਜੰਸੀ ਇਸ ਦੀ ਜਾਂਚ ਕਰੇਗੀ। ਬਰਗਾਡ਼ੀ ਬੇਅਦਬੀ ਮਾਮਲੇ ’ਚ ਇਕ ਸੱਜਣ ਨੇ ਕਿਹਾ ਕਿ ਭਾਵੇਂ ਜਾਂਚ ’ਚ ਦੇਰ ਹੋ ਸਕਦੀ ਹੈ ਪਰ ਜੋ ਸਿੱਖ ਕੌਮ ਅਤੇ ਪੰਥਕ ਹਿਰਦਿਆਂ ਨੂੰ ਵਲੂੰਧਰਨ ਵਰਗੀ ਕਾਰਵਾਈ ਹੋਈ ਅਤੇ ਉਹ ਸਚਾਈ ਅਤੇ ਅਸਲੀ ਚਿਹਰੇ ਅੱਗੇ ਆਉਣ ਤੱਕ ਜਿਸ ਤਰ੍ਹਾਂ ਦੇ ਹਾਲਾਤ ਹਨ, ਉਸ ਤਰ੍ਹਾਂ ਦੇ ਹਾਲਾਤ ’ਤੇ ਖਡ਼੍ਹੀ ਰਹੇਗੀ ਕਿਉਂਕਿ ਇਹ ਸਿੱਖ ਕੌਮ ਦਾ ਧਾਰਮਕ ਮੁੱਦਾ ਹੈ।