ਅੰਮ੍ਰਿਤਸਰ– ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹੜ੍ਹਾਂ ਕਾਰਨ ਪੰਜਾਬ ’ਚ ਹੋਈ ਤਬਾਹੀ ਦੇ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਇਹ ਮਾਮਲਾ ਚਿੰਤਾ ਦਾ ਵਿਸ਼ਾ ਹੈ ਕਿ ਇਹ ਤਬਾਹੀ ਕੁਦਰਤੀ ਆਫ਼ਤ ਨਾਲ ਹੋਈ ਹੈ ਜਾਂ ਭਾਖੜਾ ਡੈਮ ਬੋਰਡ ਮੈਨੇਜਮੈਂਟ ਦੀ ਅਣਗਹਿਲੀ ਕਾਰਨ। ਇਹ ਸੱਚ ਪੰਜਾਬ ਦੇ ਲੋਕਾਂ ਸਾਹਮਣੇ ਲਿਆਉਣ ਲਈ ਸਮੁੱਚੇ ਘਟਨਾਕ੍ਰਮ ਦੀ ਜਾਂਚ ਕਰਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਖੜਾ ਡੈਮ ਬੋਰਡ ਮੈਨੇਜਮੈਂਟ ਦੀ ਭਰੋਸੇਯੋਗਤਾ ਬਹਾਲ ਕਰਨਾ ਮੈਨੇਜਮੈਂਟ ਦੀ ਜ਼ਿੰਮੇਵਾਰੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਭਾਖੜਾ ਡੈਮ ਤੋਂ ਪਾਣੀ ਛੱਡਿਆ ਗਿਆ, ਉਸ ਵੇਲੇ ਮਾਲਵਾ ਖੇਤਰ ਦਾ ਇਕ ਹਿੱਸਾ ਨਹਿਰੀ ਪਾਣੀ ਦੀ ਕਟੌਤੀ ਨਾਲ ਜੂਝ ਰਿਹਾ ਸੀ। ਉਨ੍ਹਾਂ ਕਿਹਾ ਕਿ ਉਸ ਵੇਲੇ ਭਾਖੜਾ ਲਾਈਨ ਨਹਿਰ, ਰਾਜਸਥਾਨ ਨੂੰ ਪਾਣੀ ਦੇਣ ਵਾਲੀ ਗੰਗ ਕਨਾਲ ਸਣੇ ਮਾਲਵੇ ਨੂੰ ਜਾਂਦੀਆਂ ਅੱਧੀ ਦਰਜਨ ਨਹਿਰਾਂ ਬੰਦ ਰੱਖੀਆਂ ਗਈਆਂ ਹਨ। ਇਸ ਦੌਰਾਨ ਉਨ੍ਹਾਂ ਦੇਸ਼ ਵਿਦੇਸ਼ ਵਿਚ ਵਸਦੇ ਪੰਜਾਬੀਆਂ ਵੱਲੋਂ ਹੜ੍ਹ ਪੀੜਤਾਂ ਲਈ ਭੇਜੀ ਮਦਦ ਦੀ ਸ਼ਲਾਘਾ ਕੀਤੀ ਹੈ।