ਨਵੀਂ ਦਿੱਲੀ— ਪਾਕਿਸਤਾਨ ਨੂੰ ਲੈ ਕੇ ਵਿਦੇਸ਼ ਮੰਤਰਾਲੇ (ਐੱਮ. ਈ. ਏ.) ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀਰਵਾਰ ਨੂੰ ਬਿਆਨ ਜਾਰੀ ਕੀਤਾ। ਉਨ੍ਹਾਂ ਨੇ ਪੈ੍ਰੱਸ ਕਾਨਫਰੰਸ ’ਚ ਪਾਕਿਸਤਾਨ ਨੂੰ ਝਾੜ ਪਾਈ ਹੈ। ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਦੀ ਕੌਸ਼ਿਸ਼ ਮਾਹੌਲ ਨੂੰ ਖਰਾਬ ਕਰਨ ਦੀ ਹੈ। ਪਾਕਿਸਤਾਨ, ਭਾਰਤ ਦੇ ਅੰਦਰੂਨੀ ਮਾਮਲੇ ’ਚ ਬਿਆਨਬਾਜ਼ੀ ਕਰ ਰਿਹਾ ਹੈ। ਅਸੀਂ ਪਾਕਿਸਤਾਨ ਦੇ ਰਵੱਈਏ ਦੀ ਸਖਤ ਸ਼ਬਦਾਂ ’ਚ ਨਿੰਦਾ ਕਰਦੇ ਹਾਂ। ਪਾਕਿਸਤਾਨ ਹੁਣ ਦੁਨੀਆ ’ਚ ਬੇਨਕਾਬ ਹੋ ਗਿਆ ਹੈ।
ਪਾਕਿਸਤਾਨ ਨੂੰ ਭਾਰਤ ਵਲੋਂ ਦੋ ਟੂਕ ਜਵਾਬ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਨੇ ਕਿਹਾ ਕਿ ਪਾਕਿਸਤਾਨ, ਕਸ਼ਮੀਰ ਵਿਚ ਅਸ਼ਾਂਤੀ ਫੈਲਾਉਣਾ ਚਾਹੰੁਦਾ ਹੈ, ਉਹ ਸਿਰਫ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਦੀ ਚਾਲ ਦੁਨੀਆ ਸਮਝ ਰਹੀ ਹੈ। ਪਾਕਿਸਤਾਨ ਨਾ ਤਾਂ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਦਖਲ ਦੇਵੇ ਅਤੇ ਨਾ ਹੀ ਬਿਆਨਬਾਜ਼ੀ ਕਰੇ। ਬੁਲਾਰੇ ਨੇ ਕਿਹਾ ਕਿ ਪਾਕਿਸਤਾਨ, ਜੰਮੂ-ਕਸ਼ਮੀਰ ਦਾ ਗਲਤ ਅਕਸ ਪੇਸ਼ ਕਰ ਰਿਹਾ ਹੈ। ਕਸ਼ਮੀਰ ਘਾਟੀ ’ਚ ਦਵਾਈਆਂ ਦੀ ਕਮੀ ਨਹੀਂ ਹੈ ਅਤੇ ਨਾ ਹੀ ਉੱਥੋਂ ਦੀ ਜਨਤਾ ਨੂੰ ਕਿਸੇ ਚੀਜ਼ ਦੀ ਕਮੀ ਹੈ।
ਦੱਸਣਯੋਗ ਹੈ ਕਿ ਕੇਂਦਰ ਵਲੋਂ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਮਗਰੋਂ ਪਾਕਿਸਤਾਨ ਬੌਖਲਾਇਆ ਹੋਇਆ ਹੈ ਅਤੇ ਉੱਥੋਂ ਦੇ ਮੰਤਰੀ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ। ਭਾਰਤ ਨੂੰ ਜੰਗ ਦੀ ਧਮਕੀ ਤਕ ਦਿੱਤੀ ਜਾ ਰਹੀ ਹੈ। ਹਾਲਾਂਕਿ ਭਾਰਤ ਸਾਫ ਕਰ ਚੁੱਕਾ ਹੈ ਕਿ ਕਸ਼ਮੀਰ ਉਸ ਦਾ ਅੰਦਰੂਨੀ ਮਸਲਾ ਹੈ ਪਰ ਪਾਕਿਸਤਾਨ ਦੇ ਪੀ. ਐੱਮ. ਇਮਰਾਨ ਇਸ ਗੱਲ ਨੂੰ ਨਹੀਂ ਸਮਝਦੇ ਅਤੇ ਕਹਿ ਰਹੇ ਹਨ ਕਿ ਉਹ ਕਸ਼ਮੀਰ ਲਈ ਕਿਸੇ ਵੀ ਹੱਦ ਤਕ ਜਾਣਗੇ।