ਅੰਮ੍ਰਿਤਸਰ – ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨਾਲ ਵਪਾਰਕ ਰਿਸ਼ਤੇ ਖਤਮ ਕਰਨ ਅਤੇ ਸਮਝੌਤਾ ਐਕਸਪ੍ਰੈੱਸ ਤੇ ਦੋਸਤੀ ਬੱਸਾਂ ਨੂੰ ਬੰਦ ਕਰਨ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਯਾਤਰੀਆਂ ਨੇ ਪੈਦਲ ਰਸਤੇ ਯਾਤਰਾ ਕਰਨੀ ਸ਼ੁਰੂ ਕਰ ਦਿੱਤੀ ਹੈ। ਹੁਣ ਦੋਵਾਂ ਦੇਸ਼ਾਂ ਦੇ ਯਾਤਰੀ ਜੁਆਇੰਟ ਚੈੱਕ ਪੋਸਟ ਅਟਾਰੀ ਯਾਨੀ ਰੀਟ੍ਰੀਟ ਸੈਰਾਮਨੀ ਥਾਂ ਵਾਲੇ ਸਥਾਨ ਤੋਂ ਇਕ-ਦੂਜੇ ਦੇਸ਼ ’ਚ ਆ-ਜਾ ਰਹੇ ਹਨ।
ਸੂਤਰਾਂ ਅਨੁਸਾਰ ਰੋਜ਼ਾਨਾ ਪਾਕਿਸਤਾਨ ਤੋਂ 50 ਯਾਤਰੀ ਭਾਰਤ ਆ ਰਹੇ ਹਨ ਤਾਂ ਭਾਰਤ ਤੋਂ 60 ਯਾਤਰੀ ਪਾਕਿਸਤਾਨ ਜਾ ਰਹੇ ਹਨ। ਇਸ ਮਾਮਲੇ ’ਚ ਸੁਰੱਖਿਆ ਏਜੰਸੀਆਂ ਲਈ ਵੀ ਇਹ ਸਿਲਸਿਲਾ ਕਾਫ਼ੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਇਸ ਸਮੇਂ ਦੋਵਾਂ ਦੇਸ਼ਾਂ ’ਚ ਹਾਲਾਤ ਕਾਫ਼ੀ ਤਣਾਅ ਭਰੇ ਹਨ। ਅਜਿਹੇ ’ਚ ਪਾਕਿਸਤਾਨ ਤੋਂ ਆਏ ਯਾਤਰੀਆਂ ’ਤੇ ਨਜ਼ਰ ਰੱਖਣਾ ਸੁਰੱਖਿਆ ਏਜੰਸੀਆਂ ਲਈ ਇਕ ਵੱਡੀ ਸਿਰਦਰਦੀ ਵੀ ਬਣ ਜਾਂਦੀ ਹੈ।