ਨਾਭਾ – ਹਮੇਸ਼ਾ ਵਿਵਾਦਾਂ ਵਿਚ ਘਿਰੀ ਰਹੀ ਮੈਕਸੀਮਮ ਸਕਿਓਰਟੀ ਜ਼ਿਲਾ ਜੇਲ੍ਹ ਵਿਚ 27 ਨਵੰਬਰ 2016 ਨੂੰ ਫਿਲਮੀ ਸਟਾਈਲ ਵਿਚ ਅੰਨੇਵਾਹ ਫਾਇਰਿੰਗ ਕਰਕੇ ਦਿਨ ਦਿਹਾਡ਼ੇ ਜੇਲ੍ਹ ਬ੍ਰੇਕ ਹੋਈ ਸੀ, ਜਿਸ ਵਿਚ ਪਿਛਲੇ 33 ਮਹੀਨਿਆਂ ਦੌਰਾਨ ਇਕ ਸਹਾਇਕ ਸੁਪਰਡੈਂਟ, ਇਕ ਵਾਰਡਨ ਤੇ ਇਕ ਹਲਵਾਈ ਸਮੇਤ ਕੁੱਲ 30 ਗ੍ਰਿਫ਼ਤਾਰੀਆਂ ਹੋਈਆਂ ਅਤੇ ਚਲਾਨ ਪੇਸ਼ ਕੀਤੇ ਗਏ ਪਰ ਜੇਲ੍ਹ ਵਿਚੋਂ ਫਰਾਰ ਹੋਇਆ ਇਕ ਅੱਤਵਾਦੀ ਕਸ਼ਮੀਰ ਸਿੰਘ ਗਲਵੱਢੀ ਅਜੇ ਵੀ ਪੁਲਸ ਦੀ ਗ੍ਰਿਫ਼ਤਾਰ ਵਿਚੋਂ ਬਾਹਰ ਹੈ। ਸਾਜ਼ਿਸ਼ਕਰਤਾ ਰੋਮੀ ਦੀ ਗ੍ਰਿਫ਼ਤਾਰੀ ਲਈ ਰੈਡਕਾਰਨਰ ਨੋਟਿਸ ਅਕਤੂਬਰ 2017 ਵਿਚ ਜਾਰੀ ਕੀਤਾ ਗਿਆ ਸੀ ਜੋ ਬਠਿੰਡਾ ਜ਼ਿਲਾ ਦਾ ਰਹਿਣ ਵਾਲਾ ਹੈ ਪਰ ਹਾਂਗਕਾਂਗ ਵਿਚ ਰੋਮੀ ਦੀ ਗ੍ਰਿਫ਼ਤਾਰੀ ਹੋਣ ਦੇ ਬਾਵਜੂਦ ਅਜੇ ਤੱਕ ਉਸ ਨੂੰ ਪੰਜਾਬ ਪੁਲਸ ਇਥੇ ਨਹੀਂ ਲਿਆ ਸਕੀ। ਪੁਲਸ ਵਲੋਂ ਅਦਾਲਤੀ ਕਾਰਵਾਈ ਮੁਕੰਮਲ ਕੀਤੀ ਜਾ ਰਹੀ ਹੈ।
ਇਸ ਜੇਲ੍ਹ ਬ੍ਰੇਕ ਕਾਂਡ ਦੇ ਦੋਸ਼ੀ ਹਰਮਿੰਦਰ ਸਿੰਘ ਮਿੰਟੂ (ਕੇ. ਐਲ. ਐਫ. ਪ੍ਰਮੁੱਖ) ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਵਿੱਕੀ ਗੌਂਡਰ ਪੁਲਸ ਮੁਕਾਬਲੇ ਵਿਚ ਮਾਰਿਆ ਗਿਆ ਸੀ। ਸਕਿਓਰਟੀ ਜੇਲ੍ਹ ਵਿਚ ਅਜੇ ਵੀ ਧਡ਼ੱਲੇ ਨਾਲ ਮੋਬਾਈਲ ਨੈਟਵਰਕ ਸਰਗਰਮ ਹੈ, ਜਿਸ ਤੋਂ ਸਪੱਸ਼ਟ ਹੈ ਕਿ ਜੇਲ੍ਹ ਪ੍ਰਸ਼ਾਸ਼ਨ ਨੇ ਅਜੇ ਵੀ ਕੋਈ ਸਬਕ ਗ੍ਰਹਿਣ ਨਹੀਂ ਕੀਤਾ ਹਾਲਾਂਕ ਛੇ ਜੇਲ੍ਹਰ ਤਬਦੀਲ ਹੋ ਚੁੱਕੇ ਹਨ। ਹਿੰਦੂ ਟਾਰਗੇਟ ਕਿਲਿੰਗ ਦੀ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਅੱਤਵਾਦੀਆਂ ਨੂੰ ਵਿਦੇਸ਼ਾਂ ਤੋਂ ਫੰਡਿੰਗਜ਼ ਹੁੰਦੀ ਰਹੀ ਹੈ। ਹੁਣ ਗੈਂਗਸਟਰਾਂ ਨੂੰ ਇਥੇ ਜੇਲ੍ਹ ਵਿਚ ਨਹੀਂ ਰੱਖਿਆ ਜਾਂਦਾ। ਸਿਰਫ ਅੱਤਵਾਦੀ ਅਤੇ ਹੋਰ ਕੈਦੀ/ਹਵਾਲਾਤੀ ਵੀ ਬੰਦ ਹਨ। ਮਜੇ ਦੀ ਗੱਲ ਹੈ ਕਿ ਸਕਿਓਰਟੀ ਜੇਲ੍ਹ ਦੀਆਂ ਬੈਰਕਾਂ ਦੀ ਹਾਲਤ ਵੀ ਖਸਤਾ ਹੈ ਜੋ ਕਿਸੇ ਵੀ ਸਮੇਂ ਜੇਲ੍ਹ ਵਿਭਾਗ ਦੀ ਕਿਰਕਿਰੀ ਦਾ ਕਾਰਨ ਬਣ ਸਕਦੀ ਹੈ।